- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਫੈਂਸ ਡਰੇਨ ਦੇ ਪਾਰ 20 ਪਿੰਡਾਂ ਦੇ ਲੋਕ ਨਹਿਰੀ ਪਾਣੀ ਤੋਂ ਹੋਏ ਵਾਂਝੇ

ਸੂਏ ਦਾ ਕੰਢਾ ਟੁੱਟਣ ਕਾਰਨ ਡਿਫੈਂਸ ਡਰੇਨ ’ਚ ਪੈ ਰਿਹਾ ਪਾਣੀ
ਮੋਟਰਾਂ ਨਾ ਹੋਣ ਕਾਰਨ ਖੇਤੀ ਲਈ ਪ੍ਰੇਸ਼ਾਨ ਹੋ ਰੋਹੇ ਹਨ ਕਿਸਾਨ
ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ,
ਖਾਲੜਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਪਰ ਚੁੱਕਣ ਅਤੇ ਖੇਤੀਬਾੜੀ ਲਈ ਨਹਿਰੀ ਪਾਣੀ ਨੂੰ ਹਰ ਰਕਬੇ, ਖੇਤਰ ਤਕ ਪਹੁੰਚਾਉਣ ਲਈ ਜਿਥੇ ਯਤਨ ਕੀਤੇ ਜਾ ਰਹੇ ਹਨ। ਉਥੇ ਹੀ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਖੇਤਰ ਦੇ ਕੁਝ ਪਿੰਡਾਂ ਵਿਚ ਨਹਿਰੀ ਪਾਣੀ ਪਹੁੰਚਾਉਣ ਲਈ ਬਣੇ ਸਰਕਾਰੀ ਖਾਲ ਆਪਣੀ ਸਫ਼ਲ ਕਾਰਗੁਜ਼ਾਰੀ ਦਿਖਾਉਣ ਵਿਚ ਅਸਫ਼ਲ ਸਾਬਿਤ ਹੁੰਦੇ, ਸਾਫ ਤੌਰ ’ਤੇ ਨਜ਼ਰ ਆ ਰਹੇ ਹਨ।
ਇਸ ਸਮੱਸਿਆ ਸਬੰਧਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸੈਣ ਭਗਤ ਦੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ, ਜ਼ੋਨ ਪ੍ਰੈਸ ਸਕੱਤਰ ਕੁਲਜੀਤ ਸਿੰਘ ਛੀਨਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਭੁੱਚਰ ਕੋਠੀ ਤੋਂ ਨਿਕਲਦਾ ਸਰਕਾਰੀ ਪਾਣੀ ਵਾਲਾ ਸੂਆ ਗਿੱਲਪਨ ਮਾਈਨਰ ਤੋਂ ਲੰਘ ਕੇ ਪਿੰਡ ਮਾਹਣੇ ਮੱਲੀਆਂ ਤੋਂ ਅੱਗੇ ਡਿਫੈਂਸ ਦੇ ਪਾਰ ਵਾਲੇ 20 ਪਿੰਡਾਂ ਨੂੰ ਪਾਣੀ ਪਹੁੰਚਾਉਂਦਾ ਹੈ। ਡਿਫੈਂਸ ਤੋਂ ਅੱਗੇ ਸੂਏ ਕੰਢਾ ਟੁੱਟਣ ਕਾਰਨ ਉਸ ਦਾ ਸਾਰਾ ਪਾਣੀ ਡਿਫੈਂਸ ਵਿਚ ਪੈ ਰਿਹਾ ਹੈ ਅਤੇ ਅੱਗੇ ਇਕ ਬੂੰਦ ਵੀ ਪਾਣੀ ਨਹੀਂ ਜਾ ਰਿਹਾ।
ਉਨ੍ਹਾਂ ਨੇ ਦੱਸਿਆ ਕਿ ਇਹ ਪੁਲ 2 ਸਾਲ ਪਹਿਲਾਂ ਵੀ ਟੁੱਟ ਚੁੱਕਾ ਸੀ, ਜਿਸ ਦੀ ਮੁਰੰਮਤ ਕਰ ਇਸ ਨੂੰ ਨਵਾਂ ਬਣਾਇਆ ਗਿਆ। ਹੁਣ ਝੋਨੇ ਦੇ ਸੀਜ਼ਨ ਦੇ ਚੱਲਦਿਆਂ ਸੂਏ ਵਿਚ ਪਹਿਲੇ ਦਿਨ ਹੀ ਪਾਣੀ ਛੱਡਣ ’ਤੇ ਇਹ ਕਿਨਾਰਿਆਂ ਤੋਂ ਟੁੱਟ ਗਿਆ ਹੈ। ਜਿਸ ਦੇ ਕਾਰਨ ਇਸ ਤੋਂ ਅਗਲੇ ਪਿੰਡਾਂ ਦੇ ਪੈਂਦੇ ਕਿਸਾਨਾਂ ਨੂੰ ਇਕ ਦਿਨ ਵੀ ਪਾਣੀ ਦੇਖਣ ਨੂੰ ਨਹੀਂ ਮਿਲਿਆ। ਗੌਰਤਲਬ ਹੈ ਕਿ ਇਸ ਸੂਏ ਨਾਲ ਸਬੰਧਤ ਕਈ ਕਿਸਾਨਾਂ ਦੀਆਂ ਮੋਟਰਾਂ ਵੀ ਨਹੀਂ ਹਨ ਅਤੇ ਉਨ੍ਹਾਂ ਦੀਆਂ ਫਸਲਾਂ ਸਿਰਫ ਸੂਏ ਦੇ ਪਾਣੀ ’ਤੇ ਹੀ ਪਲ ਰਹੀਆਂ ਹਨ। ਕਈ ਕਿਸਾਨਾਂ ਵੱਲੋਂ ਜ਼ਮੀਨ ਵੀ ਠੇਕੇ ’ਤੇ ਲਈ ਹੋਈ ਹੈ। ਜਿਨ੍ਹਾਂ ਦਾ ਇਸ ਸੂਏ ਵਿਚ ਪਾਣੀ ਨਾ ਆਉਣ ’ਤੇ ਕਾਫੀ ਨੁਕਸਾਨ ਹੋਣ ਦੀ ਉਮੀਦ ਹੈ। ਇਨ੍ਹਾਂ ਪਿੰਡਾਂ ਨਾਲ ਸਬੰਧਤ ਕਿਸਾਨਾਂ ਵੱਲੋਂ ਇਸ ਸੂਏ ਦੇ ਨਹਿਰ ਮਹਿਕਮੇ ਦੇ ਅਫਸਰਾਂ ਨਾਲ ਵੀ ਗੱਲਬਾਤ ਕੀਤੀ। ਪਰ ਕਾਫੀ ਦਿਨਾਂ ਤੋਂ ਇਸ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਇਨ੍ਹਾਂ ਕਿਸਾਨਾਂ ਵੱਲੋਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨਾਲ ਗੱਲਬਾਤ ਕੀਤੀ ਗਈ। ਜਿਸ ਦੌਰਾਨ ਜ਼ੋਨ ਦੇ ਆਗੂਆਂ ਵੱਲੋਂ ਟੁੱਟੇ ਹੋਏ ਸੂਏ ਦਾ ਮੌਕਾ ਵੇਖਿਆ ਗਿਆ। ਜਿਸ ਸਬੰਧ ਵਿਚ ਜ਼ੋਨ ਪ੍ਰਧਾਨ ਨੇ ਅਤੇ ਸਾਰੇ ਜ਼ੋਨ ਆਗੂਆਂ ਨੇ ਫੋਨ ਰਾਹੀਂ ਨਹਿਰ ਮਹਿਕਮੇ ਦੇ ਅਫ਼ਸਰਾਂ ਨਾਲ ਗੱਲਬਾਤ ਕਰਦਿਆਂ, ਇਸ ਨੂੰ ਪੱਕੇ ਤੌਰ ’ਤੇ ਬਣਾਉਣ ਲਈ ਆਖਿਆ ਗਿਆ।
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਇਹ ਗੱਲ ਨਹੀਂ ਸੁਣੀ ਗਈ ਤਾਂ ਅਸੀਂ ਜ਼ਿਲ੍ਹਾ ਅਤੇ ਸੂਬੇ ਦੇ ਆਗੂਆਂ ਨਾਲ ਗੱਲ ਕਰਕੇ ਇਸ ’ਤੇ ਵੱਡਾ ਰੋਸ ਪ੍ਰਦਰਸ਼ਨ ਕਰਾਂਗੇ, ਹੋ ਸਕੇ ’ਤੇ ਪੱਕਾ ਧਰਨਾ ਵੀ ਲਾਵਾਂਗੇ। ਕਿਸਾਨ ਆਗੂਆਂ ਵੱਲੋਂ ਸਰਕਾਰ ਨੂੰ ਬੇਨਤੀ ਹੈ ਕਿ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੱਢਿਆ ਜਾਵੇ ਤੇ ਆਰਜ਼ੀ ਤੌਰ ’ਤੇ ਪੁਲ ਬਣਾ ਕੇ ਅੱਗੇ ਪੈਂਦੇ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇ। ਇਸ ਮੌਕੇ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਛੀਨਾ, ਖ਼ਜ਼ਾਨਚੀ ਕੁਲਵਿੰਦਰ ਸਿੰਘ ਸਵਾਮੀ, ਜਰਨੈਲ ਸਿੰਘ ਮਸ਼ੀਨੀਆਂ, ਗੁਰਭੇਜ ਸਿੰਘ, ਵਿਰਸਾ ਸਿੰਘ, ਅਮਰਜੀਤ ਸਿੰਘ, ਰਣਜੋਧ ਸਿੰਘ, ਗੁਰਬੀਰ ਸਿੰਘ ਗੋਰਾ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ।