ਸਰਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਸੰਘਰਸ਼ 15ਵੇਂ ਦਿਨ ‘ਚ ਸ਼ਾਮਲ
ਸਰਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਸੰਘਰਸ਼ 15ਵੇਂ ਦਿਨ ‘ਚ ਸ਼ਾਮਿਲ
Publish Date: Thu, 04 Jun 2026 04:27 PM (IST)
Updated Date: Fri, 05 Jun 2026 03:29 PM (IST)

-ਖੰਡ ਮਿੱਲ ਚਾਲੂ ਹੋਣ ’ਤੇ ਗੰਨਾ ਬਣ ਸਕਦੈ ਝੋਨੇ ਦੀ ਫ਼ਸਲ ਦਾ ਬਦਲ : ਕਿਸਾਨ ਆਗੂ ਪੱਤਰ ਪ੍ਰੇਰਕ•ਪੰਜਾਬੀ ਜਾਗਰਣ, ਤਰਨਤਾਰਨ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਚੱਲ ਰਿਹਾ ਪੱਕਾ ਮੋਰਚਾ ਅੱਜ 15ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਆਗੂਆਂ ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਸੁਖਦੇਵ ਸਿੰਘ ਤੁੜ, ਸੁਖਦੇਵ ਸਿੰਘ ਮਾਣੋਚਾਹਲ, ਰਤਨ ਸਿੰਘ ਢੰਡ, ਜੱਸਾ ਸਿੰਘ ਕੱਦ ਗਿੱਲ, ਸੁਖਬਾਜ ਸਿੰਘ ਸਿੱਧੂ, ਨਛੱਤਰ ਸਿੰਘ ਪੰਨੂ ਆਦਿ ਆਗੂਆਂ ਨੇ ਕਿਹਾ ਕਿ ਇਸ ਸਰਕਾਰੀ ਖੰਡ ਮਿੱਲ ਕਿਸਾਨਾਂ ਦੇ 60 ਫੀਸਦੀ ਹਿੱਸਿਆਂ ਨਾਲ ਬਣੀ ਹੋਈ ਹੈ। ਇਸ ਨੂੰ ਸਰਕਾਰ ਆਪਣੀ ਮਨਮਰਜ਼ੀ ਨਾਲ ਅੱਗੇ ਮਾਲਕੀ ਤਬਦੀਲ ਨਹੀਂ ਕਰ ਸਕਦੀ। ਨਵੰਬਰ 2025 ਵਿਚ ਜਦੋਂ ਭਗਵੰਤ ਮਾਨ ਸਰਕਾਰ ਵੱਲੋਂ ਹੋਰ ਜਾਇਦਾਦਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਤਾਂ ਉਸ ਦੇ ਵਿਚ ਹੀ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਲਗਭਗ 100 ਏਕੜ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਸਬੰਧੀ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਜਦੋਂ ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਭਿਣਕ ਲੱਗੀ ਤਾਂ ਉਨ੍ਹਾਂ ਤੁਰੰਤ ਇਸ ਵਿਰੁੱਧ ਮੋਰਚਾ ਸ਼ੁਰੂ ਕੀਤਾ। ਫਰਵਰੀ ਵਿਚ ਲੱਗੇ ਮੋਰਚੇ ਦੌਰਾਨ 17 ਕਿਸਾਨ ਆਗੂਆਂ ਨੂੰ ਜਬਰੀ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ, ਜਿਸ ਨੂੰ ਜਥੇਬੰਦਕ ਦਬਾਅ ਸਦਕਾ ਰਿਹਾਅ ਕਰਵਾਇਆ ਗਿਆ। ਆਗੂਆਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਇਕ ਤਰਫ਼ ਤਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਤੋਂ ਬਾਹਰ ਆਉਣ ਲਈ ਕਹਿ ਰਹੀ ਹੈ, ਉਥੇ ਨਾਲ ਹੀ ਝੋਨੇ ਦੀ ਫ਼ਸਲ ਦਾ ਬਦਲ ਗੰਨਾ ਉਹ ਸ਼ੂਗਰ ਮਿੱਲ ਨੂੰ ਬੰਦ ਕਰ ਰਹੀ ਹੈ। ਕਿਸਾਨਾਂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਤੁਰੰਤ ਇਹ ਖੰਡ ਮਿੱਲ ਮੁੜ ਚਾਲੂ ਕੀਤੀ ਜਾਵੇ, ਤਾਂ ਜੋ ਇਲਾਕੇ ਦੇ ਮੰਡ ਇਲਾਕੇ ਵਿਚ ਹੜ੍ਹਾਂ ਨਾਲ ਹੁੰਦੀ ਤਬਾਹੀ ਦੌਰਾਨ ਫ਼ਸਲਾਂ ਦਾ ਬਚਾਅ ਹੋ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਲੱਖਣ ਸਿੰਘ ਤੁੜ, ਨਾਜਰ ਸਿੰਘ, ਖਜਾਨ ਸਿੰਘ, ਬਲਦੇਵ ਸਿੰਘ ਸ਼ੇਰੋਂ, ਅਮਰੀਕ ਸਿੰਘ ਸ਼ੇਰੋਂ, ਕਸ਼ਮੀਰ ਸਿੰਘ, ਹਰਭਜਨ ਸਿੰਘ ਚੀਮਾ ਖੁਰਦ, ਪ੍ਰਗਟ ਸਿੰਘ ਤੁੜ, ਬਲਦੇਵ ਸਿੰਘ ਤੁੜ, ਮੇਘ ਸਿੰਘ ਬਿਸ਼ੰਬਰਪੁਰ, ਰਾਣਾ ਬਡਾਲਾ, ਮਨਜਿੰਦਰ ਬਡਾਲਾ, ਹਰਭਜਨ ਸਿੰਘ ਚੀਮਾ ਖੁਰਦ, ਸੁਰਿੰਦਰ ਸਿੰਘ ਖੱਬੇ ਅਤੇ ਵਿਰਸਾ ਸਿੰਘ ਸਰਹਾਲੀ ਖੁਰਦ ਹਾਜ਼ਰ ਸਨ।