‘ਆਪ’ ਨੂੰ ਝਟਕਾ, ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਲ
ਆਮ ਆਦਮੀ ਪਾਰਟੀ ਨੂੰ ਝਟਕਾ, ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ
Publish Date: Thu, 04 Jun 2026 04:11 PM (IST)
Updated Date: Fri, 05 Jun 2026 03:27 PM (IST)

-ਭਾਈ ਅਮਨਦੀਪ ਸਿੰਘ ਨਾਰਲੀ ਦੀ ਅਗਵਾਈ ਹੇਠ ਹੋਈ ਸ਼ਮੂਲੀਅਤ, ਸਿਰੋਪਾਓ ਦੇ ਕੇ ਕੀਤਾ ਸਨਮਾਨ ਸਰਬਜੀਤ ਸਿੰਘ ਛੀਨਾ•ਪੰਜਾਬੀ ਜਾਗਰਣ, ਖਾਲੜਾ ਹਲਕਾ ਖੇਮਕਰਨ ’ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਸਿਆਸੀ ਝਟਕਾ ਲੱਗਾ, ਜਦੋਂ ਪਿੰਡ ਤਤਲੇ ਦੇ ਮੌਜੂਦਾ ਪੰਚਾਇਤ ਮੈਂਬਰ ਅਮਰੀਕ ਸਿੰਘ ਆਪਣੇ ਪਰਿਵਾਰ ਅਤੇ ਦਰਜਨ ਦੇ ਕਰੀਬ ਹੋਰ ਪਰਿਵਾਰਾਂ ਨਾਲ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਲ ਹੋ ਗਏ। ਇਹ ਸ਼ਮੂਲੀਅਤ ਪਾਰਟੀ ਦੇ ਸੀਨੀਅਰ ਆਗੂ ਭਾਈ ਅਮਨਦੀਪ ਸਿੰਘ ਨਾਰਲੀ ਦੀ ਅਗਵਾਈ ਹੇਠ ਕਰਵਾਏ ਗਏ ਇਕ ਸਮਾਗਮ ਦੌਰਾਨ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਅਮਰੀਕ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਬਦਲਾਅ ਅਤੇ ਲੋਕ ਭਲਾਈ ਦੇ ਵਾਅਦਿਆਂ ਨਾਲ ਸੱਤਾ ਹਾਸਲ ਕੀਤੀ ਸੀ ਪਰ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ ਅਤੇ ਨਾ ਹੀ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦੇ ਦਾਅਵੇ ਸਾਕਾਰ ਹੋਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਅਜੇ ਵੀ ਜਾਰੀ ਹੈ ਅਤੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਚਿੱਟੇ ਦੀ ਵਿਕਰੀ ਖੁੱਲ੍ਹੇਆਮ ਹੋ ਰਹੀ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ, ਪਰ ਇਸ ਦੇ ਨਤੀਜੇ ਜ਼ਮੀਨੀ ਪੱਧਰ ’ਤੇ ਦਿਖਾਈ ਨਹੀਂ ਦੇ ਰਹੇ। ਅਮਰੀਕ ਸਿੰਘ ਨੇ ਕਿਸਾਨ ਮਸਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਹੋਏ। ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਸਖ਼ਤੀ ਵੀ ਕੀਤੀ ਗਈ। ਇਸ ਮੌਕੇ ਭਾਈ ਅਮਨਦੀਪ ਸਿੰਘ ਨਾਰਲੀ ਨੇ ਪਾਰਟੀ ਵਿਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਕਾਂ, ਪੰਜਾਬੀਅਤ ਅਤੇ ਨੌਜਵਾਨਾਂ ਦੇ ਭਵਿੱਖ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਾਰਟੀ ’ਚ ਸ਼ਾਮਲ ਹੋਣ ਵਾਲੇ ਹਰ ਵਰਕਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਸਮਾਗਮ ਦੇ ਅੰਤ ’ਚ ਭਾਈ ਅਮਨਦੀਪ ਸਿੰਘ ਨਾਰਲੀ ਵੱਲੋਂ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।