ਕਾਂਗਰਸ ਦੇ ਜਿੱਤੇ ਉਮੀਦਵਾਰਾਂ ਨੂੰ ਹਰਪ੍ਰੀਤ ਸਿੰਘ ਸੰਧੂ ਨੇ ਦਿੱਤੀ ਵਧਾਈ
ਕਾਂਗਰਸ ਦੇ ਜਿੱਤੇ ਉਮੀਦਵਾਰਾਂ ਨੂੰ ਹਰਪ੍ਰੀਤ ਸਿੰਘ ਸੰਧੂ ਨੇ ਦਿੱਤੀ ਵਧਾਈ
Publish Date: Fri, 29 May 2026 08:05 PM (IST)
Updated Date: Fri, 29 May 2026 08:08 PM (IST)

- ਲੋਕਾਂ ਦਾ ਭਰੋਸਾ ਕਾਂਗਰਸ ਦੀ ਮਜ਼ਬੂਤ ਨੀਤੀਆਂ ’ਤੇ ਮੋਹਰ : ਸੰਧੂ ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਨਗਰ ਕੌਂਸਲ ਪੱਟੀ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਸੰਧੂ ਨੇ ਜੇਤੂ ਉਮੀਦਵਾਰਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੱਟੀ ਦੇ ਲੋਕਾਂ ਨੇ ਵਿਕਾਸ, ਇਮਾਨਦਾਰੀ ਅਤੇ ਲੋਕ ਹਿੱਤ ਦੀ ਰਾਜਨੀਤੀ ’ਤੇ ਭਰੋਸਾ ਜਤਾਉਂਦਿਆਂ ਕਾਂਗਰਸ ਪਾਰਟੀ ਦੇ ਹੱਕ ਵਿਚ ਫ਼ੈਸਲਾ ਦਿੱਤਾ ਹੈ। ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਮਿਲਿਆ ਸਮਰਥਨ ਇਹ ਸਾਬਿਤ ਕਰਦਾ ਹੈ ਕਿ ਲੋਕ ਅੱਜ ਵੀ ਕਾਂਗਰਸ ਦੀਆਂ ਨੀਤੀਆਂ ਅਤੇ ਸੀਨੀਅਰ ਆਗੂਆਂ ਦੀ ਕਾਰਗੁਜ਼ਾਰੀ ’ਤੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪਾਰਟੀ ਵਰਕਰਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ, ਜਿਸ ਦਾ ਨਤੀਜਾ ਅੱਜ ਪਾਰਟੀ ਦੀ ਜਿੱਤ ਦੇ ਰੂਪ ਵਿਚ ਸਾਹਮਣੇ ਆਇਆ ਹੈ। ਉਨ੍ਹਾਂ ਨੇ ਖਾਸ ਤੌਰ ’ਤੇ ਜੇਤੂ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦੇ ਹੋਏ ਇਮਾਨਦਾਰੀ ਅਤੇ ਨਿਸ਼ਠਾ ਨਾਲ ਆਪਣੇ ਵਾਰਡਾਂ ਦੀ ਸੇਵਾ ਕਰਨ। ਸੰਧੂ ਨੇ ਕਿਹਾ ਕਿ ਨਗਰ ਕੌਂਸਲ ਦੇ ਵਿਕਾਸ ਲਈ ਕਾਂਗਰਸ ਪਾਰਟੀ ਹਮੇਸ਼ਾਂ ਰਚਨਾਤਮਕ ਭੂਮਿਕਾ ਨਿਭਾਏਗੀ ਅਤੇ ਸ਼ਹਿਰ ਦੇ ਬੁਨਿਆਦੀ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ। ਹਰਪ੍ਰੀਤ ਸਿੰਘ ਸੰਧੂ ਨੇ ਚੋਣਾਂ ਦੌਰਾਨ ਮਿਹਨਤ ਕਰਨ ਵਾਲੇ ਪਾਰਟੀ ਵਰਕਰਾਂ, ਸਮਰਥਕਾਂ ਅਤੇ ਵੋਟਰਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਰਕਰ ਹੀ ਪਾਰਟੀ ਦੀ ਅਸਲ ਤਾਕਤ ਹੁੰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਕਾਂਗਰਸ ਪਾਰਟੀ ਨੇ ਕਈ ਵਾਰਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹੀ ਰਹੀ ਹੈ ਅਤੇ ਭਵਿੱਖ ਵਿਚ ਵੀ ਲੋਕਾਂ ਦੀ ਭਲਾਈ ਲਈ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਪਾਰਟੀ ਵਰਕਰਾਂ ਅਤੇ ਆਗੂਆਂ ਵੱਲੋਂ ਜੇਤੂ ਉਮੀਦਵਾਰਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਵਧਾਈ ਦਿੱਤੀ ਗਈ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਮਨਾਈ ਗਈ।