ਨਗਰ ਕੌਂਸਲ ਚੋਣਾਂ ਪੱਟੀ : ਵੱਡੇ-ਵੱਡੇ ਨੇਤਾ ਗੋਡਿਆਂ ਭਾਰ, ਪ੍ਰਧਾਨਗੀ ਦਾ ਤਾਜ ਅਜੇ ਵੀ ਦੂਰ
ਨਗਰ ਕੌਂਸਲ ਚੋਣਾਂ ਪੱਟੀ : ਵੱਡੇ-ਵੱਡੇ ਨੇਤਾ ਗੋਡਿਆਂ ਭਾਰ, ਪ੍ਰਧਾਨਗੀ ਦਾ ਤਾਜ ਅਜੇ ਵੀ ਦੂਰ
Publish Date: Fri, 29 May 2026 07:33 PM (IST)
Updated Date: Fri, 29 May 2026 07:35 PM (IST)

- ਕਾਂਗਰਸ ਪਹਿਲੇ, ‘ਆਪ’ ਦੂਜੇ ਅਤੇ ਕੈਰੋਂ ਗਰੁੱਪ ਤੀਜੇ ਨੰਬਰ ’ਤੇ, ਇਕ ਮੈਂਬਰ ਬਣ ਸਕਦਾ ਹੈ ‘ਕਿੰਗਮੇਕਰ’ ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਪੱਟੀ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੀ ਸਿਆਸਤ ਵਿਚ ਵੱਡੀ ਹਲਚਲ ਮਚੀ ਹੋਈ ਹੈ। 19 ਵਾਰਡਾਂ ਵਾਲੀ ਨਗਰ ਕੌਂਸਲ ਵਿਚ ਕਿਸੇ ਵੀ ਧਿਰ ਨੂੰ ਪੂਰਨ ਬਹੁਮਤ ਨਾ ਮਿਲਣ ਕਾਰਨ ਹੁਣ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਰਾਜਨੀਤਿਕ ਗਣਿਤ ਤੇਜ਼ ਹੋ ਚੁੱਕੀ ਹੈ। ਚੋਣ ਨਤੀਜਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪੱਟੀ ਸ਼ਹਿਰ ਵਿਚ ਇਸ ਵੇਲੇ ਕਾਂਗਰਸ ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਦੂਜੇ ਅਤੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਗਰੁੱਪ ਤੀਜੇ ਨੰਬਰ ’ਤੇ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਵੱਡੇ-ਵੱਡੇ ਨੇਤਾ ਚੋਣ ਮੈਦਾਨ ਵਿਚ ਪੂਰੀ ਤਾਕਤ ਲਗਾਉਣ ਦੇ ਬਾਵਜੂਦ ਵੀ ਸਪੱਸ਼ਟ ਬਹੁਮਤ ਹਾਸਿਲ ਨਹੀਂ ਕਰ ਸਕੇ। ਇਸ ਕਾਰਨ ਪ੍ਰਧਾਨਗੀ ਦਾ ਤਾਜ ਹਾਲੇ ਵੀ ਹਰ ਧਿਰ ਦੀ ਪਹੁੰਚ ਤੋਂ ਦੂਰ ਦਿਖਾਈ ਦੇ ਰਿਹਾ ਹੈ। ਨਗਰ ਕੌਂਸਲ ਦੀ ਪ੍ਰਧਾਨਗੀ ਹਾਸਿਲ ਕਰਨ ਲਈ 10 ਮੈਂਬਰਾਂ ਦੀ ਲੋੜ ਹੈ, ਪਰ ਕਿਸੇ ਵੀ ਧਿਰ ਕੋਲ ਇਹ ਅੰਕੜਾ ਨਹੀਂ ਹੈ। ਚੋਣ ਨਤੀਜਿਆਂ ਅਨੁਸਾਰ ਕਾਂਗਰਸ ਨੇ 9 ਸੀਟਾਂ ਜਿੱਤ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਜਿੱਤ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਲਈ ਇਕ ਵੱਡੀ ਸਿਆਸੀ ਸਫ਼ਲਤਾ ਮੰਨੀ ਜਾ ਰਹੀ ਹੈ। ਨਤੀਜਿਆਂ ਤੋਂ ਬਾਅਦ ਇਹ ਗੱਲ ਕਾਫੀ ਹੱਦ ਤਕ ਸਾਫ ਹੋ ਗਈ ਹੈ ਕਿ ਪੱਟੀ ਸ਼ਹਿਰ ਵਿਚ ਲੋਕ ਅਜੇ ਵੀ ਹਰਮਿੰਦਰ ਸਿੰਘ ਗਿੱਲ ਨੂੰ ਪਹਿਲੇ ਨੰਬਰ ’ਤੇ ਪਸੰਦ ਕਰਦੇ ਹਨ। ਕਾਂਗਰਸ ਦੇ ਉਮੀਦਵਾਰਾਂ ਨੂੰ ਮਿਲਿਆ ਵੱਡਾ ਸਮਰਥਨ ਇਸ ਗੱਲ ਦਾ ਸੰਕੇਤ ਹੈ ਕਿ ਗਿੱਲ ਦੀ ਸ਼ਹਿਰ ਵਿਚ ਪਕੜ ਅਜੇ ਵੀ ਕਾਇਮ ਹੈ। ਦੂਜੇ ਪਾਸੇ ਪੰਜਾਬ ਵਿਚ ਸੱਤਾ ’ਚ ਬੈਠੀ ਆਮ ਆਦਮੀ ਪਾਰਟੀ ਲਈ ਇਹ ਚੋਣਾਂ ਪੂਰੀ ਤਰ੍ਹਾਂ ਸੰਤੁਸ਼ਟੀਜਨਕ ਨਹੀਂ ਰਹੀਆਂ। ਪਾਰਟੀ ਸਿਰਫ਼ 6 ਸੀਟਾਂ ਹੀ ਜਿੱਤ ਸਕੀ। ਹਾਲਾਂਕਿ ਹਲਕੇ ਦੇ ਵਿਧਾਇਕ ਦੀ ਵੋਟ ਜੋੜ ਕੇ ਆਪ ਦਾ ਅੰਕੜਾ 7 ਤਕ ਪਹੁੰਚਦਾ ਹੈ, ਪਰ ਫਿਰ ਵੀ ਪ੍ਰਧਾਨਗੀ ਲਈ ਲੋੜੀਂਦਾ ਅੰਕੜਾ 10 ਤੋਂ ਕਾਫੀ ਦੂਰ ਹੈ। ਇਸ ਲਈ ਆਪ ਨੂੰ ਹੁਣ ਦੂਜੀਆਂ ਧਿਰਾਂ ਦੇ ਸਮਰਥਨ ਦੀ ਲੋੜ ਪਵੇਗੀ। ਕੈਰੋਂ ਗਰੁੱਪ ਦੀ ਗੱਲ ਕੀਤੀ ਜਾਵੇ, ਤਾਂ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਇਸ ਵਾਰ ਆਪਣਾ ਵੱਖਰਾ ਸਿਆਸੀ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ। ਟਰੈਕਟਰ ਨਿਸ਼ਾਨ ’ਤੇ ਚੋਣ ਲੜ ਰਹੇ ਕੈਰੋਂ ਗਰੁੱਪ ਨੇ 4 ਸੀਟਾਂ ਜਿੱਤ ਕੇ ਆਪਣੀ ਮੌਜੂਦਗੀ ਦਰਜ ਕਰਵਾਈ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਕੈਰੋਂ ਗਰੁੱਪ ਨੇ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਮੈਦਾਨ ਤੋਂ ਬਾਹਰ ਕਰ ਦਿੱਤਾ। ਕਦੇ ਪੱਟੀ ਦੀ ਸਿਆਸਤ ਵਿਚ ਮਜ਼ਬੂਤ ਮੰਨੀ ਜਾਣ ਵਾਲੀ ਅਕਾਲੀ ਦਲ ਦੀ ਇਸ ਵਾਰ ਕੋਈ ਖਾਸ ਹਾਜਰੀ ਨਹੀਂ ਰਹੀ। ਪਰ ਇਸ ਦੇ ਬਾਵਜੂਦ ਕੈਰੋਂ ਗਰੁੱਪ ਨੂੰ ਵੱਡਾ ਸਿਆਸੀ ਲਾਭ ਨਹੀਂ ਮਿਲ ਸਕਿਆ। ਟਰੈਕਟਰ ਚਾਰ ਸੀਟਾਂ ’ਤੇ ਤਾਂ ਚੱਲਿਆ, ਪਰ ਪ੍ਰਧਾਨਗੀ ਦੀ ਦੌੜ ਵਿਚ ਉਹ ਵੀ ਅਜੇ ਕਾਫ਼ੀ ਪਿੱਛੇ ਦਿਖਾਈ ਦੇ ਰਿਹਾ ਹੈ। ਇਨ੍ਹਾਂ ਚੋਣਾਂ ਦਾ ਸਭ ਤੋਂ ਦਿਲਚਸਪ ਪੱਖ ਵਾਰਡ ਨੰਬਰ 17 ਦੀ ਸੀਟ ਬਣੀ ਹੋਈ ਹੈ। ਇਹ ਸੀਟ ਭਾਵੇਂ ਕਾਂਗਰਸ ਦੇ ਖਾਤੇ ਵਿਚ ਗਈ ਹੈ, ਪਰ ਸਿਆਸੀ ਗਲਿਆਰਿਆਂ ਵਿਚ ਇਸ ਜਿੱਤ ਨੂੰ ਕਾਂਗਰਸ ਦੇ ਯੂਥ ਆਗੂ ਹਰਮਨ ਸੇਖੋਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਕਾਰਨ ਹੁਣ ਚਰਚਾਵਾਂ ਹੋ ਰਹੀਆਂ ਹਨ ਕਿ ਹਰਮਿੰਦਰ ਸਿੰਘ ਗਿੱਲ ਅਤੇ ਹਰਮਨ ਸੇਖੋਂ ਵਿਚਕਾਰ ਸਿਆਸੀ ਦੂਰੀ ਸਾਫ਼ ਨਜ਼ਰ ਆ ਰਹੀ ਹੈ। ਦੋਵਾਂ ਆਗੂਆਂ ਦਾ 36 ਦਾ ਅੰਕੜਾ ਹੁਣ ਸ਼ਹਿਰ ਦੀ ਸਿਆਸਤ ਵਿਚ ਖੁੱਲ੍ਹ ਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਕਾਂਗਰਸ ਲਈ ਵੀ ਪ੍ਰਧਾਨਗੀ ਦੀ ਰਾਹ ਸੌਖੀ ਨਹੀਂ ਰਹੀ। ਕਾਂਗਰਸ ਕੋਲ 9 ਮੈਂਬਰ ਹਨ, ਪਰ ਇਕ ਮੈਂਬਰ ਦੀ ਘਾਟ ਅਜੇ ਵੀ ਹੈ। ਜੇਕਰ ਵਾਰਡ ਨੰਬਰ 17 ਦੀ ਸਿਆਸੀ ਸਥਿਤੀ ਨੂੰ ਵੱਖਰੇ ਤੌਰ ’ਤੇ ਦੇਖਿਆ ਜਾਵੇ ਤਾਂ ਇਹ ਗੱਲ ਵੀ ਚਰਚਾ ਵਿਚ ਹੈ ਕਿ ਉਸ ਸੀਟ ਦਾ ਸਿਆਸੀ ਰੁਝਾਨ ਵੱਖਰਾ ਹੋ ਸਕਦਾ ਹੈ। ਹੁਣ ਸਿਆਸੀ ਗਣਿਤ ਪੂਰੀ ਤਰ੍ਹਾਂ ਇਕ ਅਜਿਹੇ ਮੈਂਬਰ ’ਤੇ ਟਿਕ ਗਿਆ ਹੈ ਜੋ ਆਉਣ ਵਾਲੇ ਦਿਨਾਂ ਵਿਚ ‘ਕਿੰਗਮੇਕਰ’ ਦੀ ਭੂਮਿਕਾ ਨਿਭਾ ਸਕਦਾ ਹੈ। ਹਰ ਧਿਰ ਦੀ ਨਜ਼ਰ ਇਸ ਗੱਲ ’ਤੇ ਹੈ ਕਿ ਉਹ ਮੈਂਬਰ ਆਖ਼ਿਰ ਕਿਸ ਪਾਰਟੀ ਦਾ ਸਾਥ ਦੇਵੇਗਾ। ਮੌਜੂਦਾ ਹਾਲਾਤਾਂ ਵਿਚ ਆਪ ਅਤੇ ਕਾਂਗਰਸ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੀ ਸੰਭਾਵਨਾ ਕਾਫੀ ਘੱਟ ਦਿਖਾਈ ਦੇ ਰਹੀ ਹੈ। ਦੋਵੇਂ ਪਾਰਟੀਆਂ ਸੂਬਾ ਪੱਧਰ ’ਤੇ ਇਕ-ਦੂਜੇ ਦੀਆਂ ਵੱਡੀਆਂ ਵਿਰੋਧੀ ਹਨ ਅਤੇ ਸਥਾਨਕ ਪੱਧਰ ’ਤੇ ਵੀ ਇਹ ਦੂਰੀ ਸਾਫ਼ ਦਿਖਾਈ ਦੇ ਰਹੀ ਹੈ। ਇਸੇ ਤਰ੍ਹਾਂ ਕੈਰੋਂ ਗਰੁੱਪ ਅਤੇ ਆਮ ਆਦਮੀ ਪਾਰਟੀ ਵਿਚਕਾਰ ਵੀ ਕੋਈ ਖਾਸ ਨੇੜਤਾ ਨਜ਼ਰ ਨਹੀਂ ਆ ਰਹੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਵਿਚ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਜੋੜ-ਤੋੜ ਦੀ ਰਾਜਨੀਤੀ ਹੋਰ ਤੇਜ਼ ਹੋ ਸਕਦੀ ਹੈ। ਹਰ ਧਿਰ ਆਪਣੇ ਅੰਕੜੇ ਮਜ਼ਬੂਤ ਕਰਨ ਲਈ ਅੰਦਰੂਨੀ ਬੈਠਕਾਂ ਅਤੇ ਸੰਪਰਕ ਮੁਹਿੰਮਾਂ ਵਿਚ ਜੁੱਟ ਸਕਦੀ ਹੈ। ਸ਼ਹਿਰ ਵਿਚ ਇਹ ਚਰਚਾ ਵੀ ਜ਼ੋਰਾਂ ’ਤੇ ਹੈ ਕਿ ਜੇਕਰ ਕੋਈ ਇਕ ਮੈਂਬਰ ਕਿਸੇ ਧਿਰ ਨਾਲ ਖੜ੍ਹ ਜਾਂਦਾ ਹੈ ਤਾਂ ਪੂਰੀ ਸਿਆਸੀ ਤਸਵੀਰ ਬਦਲ ਸਕਦੀ ਹੈ। ਇਸ ਲਈ ਹੁਣ ਹਰ ਪਾਰਟੀ ਉਸ ਇਕ ਮੈਂਬਰ ਵੱਲ ਉਮੀਦਾਂ ਨਾਲ ਦੇਖ ਰਹੀ ਹੈ। ਚੋਣ ਨਤੀਜਿਆਂ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਪੱਟੀ ਦੀ ਸਿਆਸਤ ਹੁਣ ਪੂਰੀ ਤਰ੍ਹਾਂ ਤਿੰਨ ਧਿਰਾਂ ਵਿਚ ਵੰਡੀ ਹੋਈ ਹੈ। ਕਾਂਗਰਸ ਨੇ ਸਭ ਤੋਂ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ, ਆਪ ਨੇ ਆਪਣੀ ਸਰਕਾਰ ਹੋਣ ਦੇ ਬਾਵਜੂਦ ਉਮੀਦਾਂ ਅਨੁਸਾਰ ਨਤੀਜੇ ਨਹੀਂ ਦਿੱਤੇ ਅਤੇ ਕੈਰੋਂ ਗਰੁੱਪ ਨੇ ਆਪਣੀ ਵੱਖਰੀ ਪਛਾਣ ਬਚਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਦੀ ਗੈਰ ਹਾਜ਼ਰੀ ਨੇ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਕ ਸਮੇਂ ਪੱਟੀ ਦੀ ਸਿਆਸਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਪਾਰਟੀ ਇਸ ਵਾਰ ਲਗਭਗ ਨਜ਼ਰ ਹੀ ਨਹੀਂ ਆਈ। ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪੱਟੀ ਦੀ ਸਿਆਸਤ ਵਿਚ ਹੁਣ ਨਵੇਂ ਸਮੀਕਰਨ ਬਣ ਰਹੇ ਹਨ। ਸ਼ਹਿਰ ਦੇ ਲੋਕ ਹੁਣ ਬੇਸਬਰੀ ਨਾਲ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਆਖ਼ਿਰਕਾਰ ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸੱਜੇਗਾ। ਹਾਲਾਂਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਕਹਿਣਾ ਮੁਸ਼ਕਿਲ ਹੈ ਕਿ ਕਿਸੇ ਇਕ ਧਿਰ ਲਈ ਰਾਹ ਆਸਾਨ ਹੈ। ਇਸ ਵੇਲੇ ਸਿਰਫ਼ ਇਹੀ ਕਿਹਾ ਜਾ ਸਕਦਾ ਹੈ ਕਿ ਪੱਟੀ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਹਾਲੇ ਵੀ ਸਭ ਧਿਰਾਂ ਦੀ ਪਹੁੰਚ ਤੋਂ ਦੂਰ ਹੈ ਅਤੇ ਇਕ ਮੈਂਬਰ ਦੀ ਚੋਣ ਆਉਣ ਵਾਲੇ ਦਿਨਾਂ ਵਿਚ ਪੂਰੀ ਨਗਰ ਕੌਂਸਲ ਦੀ ਸਿਆਸੀ ਦਿਸ਼ਾ ਤੈਅ ਕਰ ਸਕਦੀ ਹੈ।