ਪੱਟੀ ’ਚ ਹਰਮਨ ਸੇਖੋਂ ਦਾ ਕਮਾਲ, ਵੱਡੇ ਲੀਡਰਾਂ ਦੀ ਵਿਰੋਧਤਾ ਦੇ ਬਾਵਜੂਦ ਕਰਨਬੀਰ ਧਾਰੀਵਾਲ ਵਾਰਡ ਨੰਬਰ 17 ਤੋਂ ਰਹੇ ਜੇਤੂ
ਪੱਟੀ ’ਚ ਹਰਮਨ ਸੇਖੋਂ ਦਾ ਕਮਾਲ, ਵੱਡੇ ਲੀਡਰਾਂ ਦੀ ਵਿਰੋਧਤਾ ਦੇ ਬਾਵਜੂਦ ਕਰਨਬੀਰ ਧਾਰੀਵਾਲ ਵਾਰਡ ਨੰਬਰ 17 ਤੋਂ ਰਹੇ ਜੇਤੂ
Publish Date: Fri, 29 May 2026 07:31 PM (IST)
Updated Date: Fri, 29 May 2026 07:32 PM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਪੱਟੀ ਨਗਰ ਕੌਂਸਲ ਚੋਣਾਂ ਵਿਚ ਵਾਰਡ ਨੰਬਰ 17 ਸਭ ਤੋਂ ਚਰਚਿਤ ਵਾਰਡਾਂ ਵਿਚ ਸ਼ਾਮਿਲ ਰਿਹਾ, ਜਿਥੇ ਕਾਂਗਰਸ ਦੇ ਨੌਜਵਾਨ ਉਮੀਦਵਾਰ ਕਰਨਬੀਰ ਸਿੰਘ ਧਾਰੀਵਾਲ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਸਿਆਸੀ ਮਾਹੌਲ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਜਿੱਤ ਨੂੰ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਹਰਮਨ ਸੇਖੋਂ ਦੀ ਵੱਡੀ ਸਿਆਸੀ ਕਾਮਯਾਬੀ ਵਜੋਂ ਵੇਖਿਆ ਜਾ ਰਿਹਾ ਹੈ। ਚੋਣ ਦੌਰਾਨ ਵਾਰਡ ਨੰਬਰ 17 ਵਿਚ ਮੁਕਾਬਲਾ ਕਾਫੀ ਦਿਲਚਸਪ ਬਣਿਆ ਰਿਹਾ। ਰਾਜਨੀਤਿਕ ਮਾਹਿਰਾ ’ਚ ਇਹ ਚਰਚਾ ਚੱਲਦੀ ਰਹੀ ਕਿ ਵੱਡੇ ਲੀਡਰਾਂ ਦੀ ਵਿਰੋਧਤਾ ਦੇ ਬਾਵਜੂਦ ਹਰਮਨ ਸੇਖੋਂ ਨੇ ਪੂਰੀ ਤਾਕਤ ਨਾਲ ਨੌਜਵਾਨ ਚਿਹਰੇ ਕਰਨਬੀਰ ਸਿੰਘ ਧਾਰੀਵਾਲ ਨੂੰ ਮੈਦਾਨ ਵਿਚ ਉਤਾਰਿਆ ਅਤੇ ਆਖ਼ਿਰਕਾਰ ਜਿੱਤ ਹਾਸਿਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਨੌਜਵਾਨਾਂ ਵਿਚ ਹਰਮਨ ਸੇਖੋਂ ਦੀ ਪਕੜ ਅਤੇ ਲਗਾਤਾਰ ਕੀਤੀ ਮਿਹਨਤ ਦਾ ਨਤੀਜਾ ਇਹ ਰਿਹਾ ਕਿ ਵਾਰਡ ਵਾਸੀਆਂ ਨੇ ਕਰਨਬੀਰ ਧਾਰੀਵਾਲ ਨੂੰ ਭਰਪੂਰ ਸਮਰਥਨ ਦਿੱਤਾ। ਚੋਣ ਨਤੀਜੇ ਆਉਣ ਤੋਂ ਬਾਅਦ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਢੋਲ-ਨਗਾਰਿਆਂ ਨਾਲ ਜਸ਼ਨ ਮਨਾਇਆ ਗਿਆ। ਜੇਤੂ ਹੋਣ ਤੋਂ ਬਾਅਦ ਕਰਨਬੀਰ ਸਿੰਘ ਧਾਰੀਵਾਲ ਨੂੰ ਹਰਮਨ ਸੇਖੋਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਮਨ ਸੇਖੋਂ ਨੇ ਕਿਹਾ ਕਿ ਇਹ ਜਿੱਤ ਸਿਰਫ਼ ਇਕ ਉਮੀਦਵਾਰ ਦੀ ਨਹੀਂ, ਸਗੋਂ ਵਾਰਡ ਦੇ ਹਰ ਨੌਜਵਾਨ ਅਤੇ ਹਰ ਉਸ ਵਿਅਕਤੀ ਦੀ ਜਿੱਤ ਹੈ ਜਿਸ ਨੇ ਬਦਲਾਅ ਅਤੇ ਵਿਕਾਸ ਦੀ ਸੋਚ ਨਾਲ ਕਾਂਗਰਸ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 17 ਦੇ ਲੋਕਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਨੌਜਵਾਨਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ। ਹਰਮਨ ਸੇਖੋਂ ਨੇ ਕਿਹਾ ਕਿ ਕਰਨਬੀਰ ਧਾਰੀਵਾਲ ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨਗੇ ਅਤੇ ਵਾਰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਕਰਨਬੀਰ ਸਿੰਘ ਧਾਰੀਵਾਲ ਨੇ ਵੀ ਵਾਰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ’ਤੇ ਜੋ ਵਿਸ਼ਵਾਸ ਜਤਾਇਆ ਹੈ, ਉਹ ਉਸ ’ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਵਾਰਡ ਦੀਆਂ ਮੁੱਖ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਇਆ ਜਾਵੇਗਾ ਅਤੇ ਹਰ ਵਰਗ ਦੇ ਲੋਕਾਂ ਨਾਲ ਮਿਲ ਕੇ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨ ਵਰਕਰ ਅਤੇ ਵਾਰਡ ਵਾਸੀ ਮੌਜੂਦ ਰਹੇ, ਜਿਨ੍ਹਾਂ ਵੱਲੋਂ ਜੇਤੂ ਉਮੀਦਵਾਰ ਅਤੇ ਹਰਮਨ ਸੇਖੋਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।