ਰਾਲੀ ਤੋਂ ਪੈਲਟ ਯੂਨਿਟ ਲਗਾਉਣ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ
ਝੋਨੇ ਦੀ ਪਰਾਲੀ ਤੋਂ ਪੈਲਟ ਯੂਨਿਟ ਲਗਾਉਣ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ
Publish Date: Fri, 03 Apr 2026 05:04 PM (IST)
Updated Date: Sat, 04 Apr 2026 04:05 AM (IST)

-ਪ੍ਰਦੂਸ਼ਣ ਘਟਾਓ, ਕਮਾਈ ਵਧਾਓ ਅਤੇ ਊਰਜਾ ਦਾ ਵਿਕਲਪ ਤਿਆਰ ਕਰੋ- ਡਾ.ਯਾਦਵਿੰਦਰ ਸਿੰਘ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ, ਹਰਿਆਣਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਝੋਨੇ ਦੀ ਪਰਾਲੀ ਸਾੜਨ ਨਾਲ ਹਰ ਸਾਲ ਵੱਡੀ ਮਾਤਰਾ ਵਿਚ ਹਵਾ ਪ੍ਰਦੂਸ਼ਣ ਹੁੰਦਾ ਹੈ। ਇਸ ਸਮੱਸਿਆ ਦਾ ਇਕ ਪ੍ਰਭਾਵਸ਼ਾਲੀ ਹੱਲ ਪਰਾਲੀ ਤੋਂ ਪੈਲਟ ਬਣਾਉਣ ਵਾਲੇ ਯੂਨਿਟਾਂ ਦੀ ਸਥਾਪਨਾ ਹੈ। ਇਹ ਤਕਨੀਕ ਨਾ ਸਿਰਫ਼ ਵਾਤਾਵਰਣ ਨੂੰ ਸੁਰੱਖਿਅਤ ਬਣਾਉਂਦੀ ਹੈ, ਸਗੋਂ ਕਿਸਾਨਾਂ ਅਤੇ ਉਦਯੋਗਾਂ ਲਈ ਵਧੀਆ ਆਮਦਨ ਦਾ ਸਰੋਤ ਵੀ ਬਣ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਹੁਲ ਦੀ ਪ੍ਰਧਾਨਗੀ ਹੇਠ ਸਟੱਬਲ ਬਰਨਿੰਗ ਦੀ ਹੋਈ ਮੀਟਿੰਗ ਦੌਰਾਨ ਦਿੱਤੀ ਗਈ ਹੈ। ਇਸ ਮੀਟਿੰਗ ਵਿਚ ਸਹਾਇਕ ਡਿਪਟੀ ਕਮਿਸ਼ਨਰ, ਸਾਰੇ ਐੱਸਡੀਐੱਮਜ਼, ਮੁੱਖ ਖੇਤੀਬਾੜੀ ਅਫਸਰ, ਐੱਸਐੱਸਪੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਵਲੋਂ ਦਿੱਤੇ ਗਏ ਆਦੇਸ਼ਾਂ ਦੇ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੈਲਟ ਛੋਟੇ-ਛੋਟੇ ਠੋਸ ਈਂਧਨ ਦੇ ਟੁਕੜੇ ਹੁੰਦੇ ਹਨ ਜੋ ਪਰਾਲੀ ਨੂੰ ਪ੍ਰੈੱਸ ਕਰਕੇ ਬਣਾਏ ਜਾਂਦੇ ਹਨ। ਇਹ ਪੈਲਟ ਥਰਮਲ ਪਾਵਰ ਪਲਾਂਟਾਂ, ਬਾਇਲਰਾਂ ਅਤੇ ਉਦਯੋਗਿਕ ਇਕਾਈਆਂ ਵਿਚ ਕੋਲੇ ਦੇ ਬਦਲ ਵਜੋਂ ਵਰਤੇ ਜਾਂਦੇ ਹਨ। ਸਰਕਾਰ ਵੀ ਇਸ ਉਪਰਾਲੇ ਨੂੰ ਪ੍ਰੋਤਸਾਹਿਤ ਕਰ ਰਹੀ ਹੈ ਅਤੇ ਕਈ ਸਕੀਮਾਂ ਰਾਹੀਂ ਸਬਸਿਡੀ ਪ੍ਰਦਾਨ ਕਰ ਰਹੀ ਹੈ। ਕਿਸਾਨਾਂ ਨੂੰ ਪੈਲਟ ਯੂਨਿਟ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਪੈਲਟ ਬਣਾਉਣ ਵਾਲਾ ਯੂਨਿਟ ਲਗਾਉਣ ਲਈ ਲਗਭਗ 15 ਤੋਂ 25 ਲੱਖ ਰੁਪਏ ਦੀ ਲਾਗਤ ਆਉਂਦੀ ਹੈ, ਜੋ ਕਿ ਮਸ਼ੀਨਰੀ, ਸ਼ੈੱਡ ਅਤੇ ਕੱਚੇ ਮਾਲ ਦੇ ਉੱਤੇ ਨਿਰਭਰ ਕਰਦੀ ਹੈ। ਇਕ ਦਰਮਿਆਨੇ ਪੱਧਰ ਦਾ ਯੂਨਿਟ ਦਿਨ ਵਿਚ 2 ਤੋਂ 5 ਟਨ ਤੱਕ ਪੈਲਟ ਤਿਆਰ ਕਰ ਸਕਦਾ ਹੈ। ਇਸ ਲਈ ਵੱਡੀ ਮਾਤਰਾ ਵਿਚ ਪਰਾਲੀ ਦੀ ਲੋੜ ਹੁੰਦੀ ਹੈ, ਜੋ ਕਿ ਸਿੱਧੇ ਕਿਸਾਨਾਂ ਤੋਂ ਖਰੀਦੀ ਜਾ ਸਕਦੀ ਹੈ। ਇਸ ਨਾਲ ਕਿਸਾਨਾਂ ਨੂੰ ਵੀ ਪਰਾਲੀ ਵੇਚਣ ਤੋਂ ਵਾਧੂ ਆਮਦਨ ਮਿਲਦੀ ਹੈ। ਪੈਲਟ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ, ਖਾਸ ਕਰਕੇ ਪਾਵਰ ਪਲਾਂਟਾਂ ਅਤੇ ਉਦਯੋਗਾਂ ਵਿਚ। ਐੱਨਟੀਪੀਸੀ ਵਰਗੀਆਂ ਵੱਡੀਆਂ ਕੰਪਨੀਆਂ ਵੀ ਬਾਇਓਮਾਸ ਪੈਲਟ ਦੀ ਖਰੀਦ ਕਰ ਰਹੀਆਂ ਹਨ। ਇਸ ਕਾਰਨ ਇਸ ਖੇਤਰ ਵਿਚ ਨਿਵੇਸ਼ ਕਰਨ ਵਾਲਿਆਂ ਲਈ ਮਾਰਕੀਟ ਦੀ ਕੋਈ ਘਾਟ ਨਹੀਂ ਹੈ। ਇਸ ਤੋਂ ਇਲਾਵਾ, ਪੈਲਟ ਯੂਨਿਟ ਪਿੰਡਾਂ ਵਿਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਦੇ ਹਨ। ਸਥਾਨਕ ਲੋਕਾਂ ਨੂੰ ਮਸ਼ੀਨ ਚਲਾਉਣ, ਪਰਾਲੀ ਇਕੱਠੀ ਕਰਨ ਅਤੇ ਟ੍ਰਾਂਸਪੋਰਟ ਕਰਨ ਵਿਚ ਕੰਮ ਮਿਲਦਾ ਹੈ। ਅਖੀਰ ਵਿਚ ਕਿਹਾ ਜਾ ਸਕਦਾ ਹੈ ਕਿ ਝੋਨੇ ਦੀ ਪਰਾਲੀ ਤੋਂ ਪੈਲਟ ਬਣਾਉਣ ਵਾਲਾ ਯੂਨਿਟ ਇਕ ਲਾਹੇਵੰਦ ਅਤੇ ਭਵਿੱਖ ਦ੍ਰਿਸ਼ਟੀ ਵਾਲਾ ਕਾਰੋਬਾਰ ਹੈ। ਇਹ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਧਾਉਂਦਾ ਹੈ, ਸਗੋਂ ਪ੍ਰਦੂਸ਼ਣ ਨੂੰ ਘਟਾ ਕੇ ਸਾਫ਼-ਸੁਥਰਾ ਵਾਤਾਵਰਣ ਬਣਾਉਣ ਵਿਚ ਵੀ ਯੋਗਦਾਨ ਪਾਉਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਪ੍ਰਤਾਪ ਸਿੰਘ, ਹਰਪ੍ਰੀਤ ਸਿੰਘ, ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।