ਪਤੀ ਨੇ ਦੋਸਤ ਨਾਲ ਮਿਲ ਕੇ ਕੀਤੀ ਪਤਨੀ ਦੀ ਕੁੱਟਮਾਰ, ਘਰ ਖੜ੍ਹੇ ਮੋਟਰਸਾਈਕਲ ਨੂੰ ਅੱਗ ਲਗਾਈ
ਪਤੀ ਨੇ ਦੋਸਤ ਸਮੇਤ ਕੀਤੀ ਪਤਨੀ ਦੀ ਕੁੱਟਮਾਰ, ਘਰ ਖੜ੍ਹੇ ਮੋਟਰਸਾਈਕਲ ਨੂੰ ਅੱਗ ਲਗਾਈ
Publish Date: Thu, 02 Apr 2026 08:26 PM (IST)
Updated Date: Fri, 03 Apr 2026 04:17 AM (IST)

* ਪੁਲਿਸ ਨੇ ਮਹਿਲਾ ਦੇ ਪਤੀ ਤੇ ਉਸ ਦੇ ਦੋਸਤ ਖ਼ਿਲਾਫ਼ ਦਰਜ ਕੀਤਾ ਕੇਸ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਵਾਸੀ ਮਹਿਲਾ ਨਾਲ ਕਥਿਤ ਤੌਰ ’ਤੇ ਉਸ ਦੇ ਪਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਪਹਿਲਾਂ ਸਰੇਰਾਹ ਕੁੱਟਮਾਰ ਕੀਤੀ ਤੇ ਫਿਰ ਘਰ ’ਚ ਝਗੜਾ ਕਰਦਿਆਂ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ ਤਾਂ ਜੋ ਘਰ ਨੂੰ ਅੱਗ ਦੇ ਹਵਾਲੇ ਕੀਤਾ ਜਾ ਸਕੇ। ਹਾਲਾਂਕਿ ਇਸ ਦੌਰਾਨ ਮਹਿਲਾ ਨੇ ਮੁਸ਼ਕਲ ਨਾਲ ਆਪਣੇ ਬੱਚਿਆਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀ ਤੇ ਆਪਣੀ ਜਾਨ ਬਚਾਈ। ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਮਹਿਲਾ ਦੇ ਪਤੀ ਤੇ ਉਸ ਦੇ ਦੋਸਤ ਵਿਰੁੱਧ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਨਪ੍ਰੀਤ ਕੌਰ ਵਾਸੀ ਮੁਰਾਦਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 31 ਮਾਰਚ ਨੂੰ ਉਸ ਦੇ ਪਤੀ ਜਸਵੰਤ ਸਿੰਘ ਨੇ ਆਪਣੇ ਦੋਸਤ ਰਵਿੰਦਰ ਸਿੰਘ ਨਾਲ ਮਿਲ ਕੇ ਸ਼ਰਾਬ ਪੀਤੀ ਤੇ ਉਸ ਦੀ ਕੁੱਟਮਾਰ ਕੀਤੀ। ਉਹ ਸ਼ਿਕਾਇਤ ਦੇਣ ਲਈ ਥਾਣਾ ਸਿਟੀ ਜਾ ਰਹੀ ਸੀ ਤਾਂ ਰਸਤੇ ’ਚ ਜਸਵੰਤ ਸਿੰਘ ਤੇ ਰਵਿੰਦਰ ਸਿੰਘ ਨੇ ਉਸਦੀ ਤੇ ਉਸ ਦੀ ਧੀ ਦੀ ਸਰੇਆਮ ਚੌਕ ’ਚ ਕੁੱਟਮਾਰ ਕੀਤੀ। ਜਦੋਂ ਉਨ੍ਹਾਂ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਉਸ ਦੇ ਪਤੀ ਨੂੰ ਥਾਣੇ ਬੁਲਾਇਆ ਪਰ ਉਸ ਨੇ ਥਾਣੇ ਆਉਣ ਦੀ ਬਜਾਏ ਇਕ ਦਿਨ ਦਾ ਸਮਾਂ ਲੈ ਲਿਆ। ਜਦਕਿ ਰਾਤ ਨੂੰ ਉਸਦਾ ਪਤੀ ਜਸਵੰਤ ਸਿੰਘ ਸਹੋਲ ਆਪਣੇ ਦੋਸਤ ਰਵਿੰਦਰ ਸਿੰਘ ਸਮੇਤ ਰਾਤ ਨੂੰ 9 ਵਜੇ ਮੁੜ ਘਰ ’ਚ ਝਗੜਾ ਕਰਨ ਲੱਗਾ। ਉਸ ਨੇ ਆਪਣੇ ਬੱਚਿਆਂ ਸਮੇਤ ਕਮਰੇ ’ਚ ਜਾ ਕੇ ਕੁੰਡੀ ਲਗਾ ਲਈ ਤਾਂ ਉਸ ਦੇ ਪਤੀ ਨੇ ਘਰ ਨੂੰ ਅੱਗ ਲਗਾਉਣ ਦੀ ਮਨਸ਼ਾ ਨਾਲ ਉਥੇ ਖੜ੍ਹੇ ਮੋਟਰਸਾਈਕਲ (ਪੀਬੀ35 ਏਕਿਊ 2942) ਨੂੰ ਅੱਗ ਲਗਾ ਦਿੱਤੀ। ਉਸ ਨੇ ਮੁਸ਼ਕਲ ਨਾਲ ਆਪਣੇ ਬੱਚਿਆਂ ਨੂੰ ਬਾਹਰ ਕੱਢਿਆ, ਨਹੀਂ ਤਾਂ ਉਨ੍ਹਾਂ ਦੀ ਜਾਨ ਜਾ ਸਕਦੀ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਕੌਰ ਦੇ ਬਿਆਨਾਂ ’ਤੇ ਜਸਵੰਤ ਸਿੰਘ ਸਹੋਲ ਅਤੇ ਰਵਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਸੰਘਾ ਨੂੰ ਕੇਸ ਵਿਚ ਨਾਮਜ਼ਦ ਕਰਕੇ ਗ੍ਰਿਫਤਾਰ ਲਿਆ ਹੈ। ਉਨ੍ਹਾਂ ਦੱਸਿਆ ਕਿ ਨੁਕਸਾਨਿਆ ਮੋਟਰਸਾਈਕਲ ਕਬਜ਼ੇ ’ਚ ਲੈ ਲਿਆ ਹੈ।