ਤਰਨਤਾਰਨ ਪੁਲਿਸ ਨੂੰ ਮਿਲੇ 28 ਐਮਰਜੈਂਸੀ ਰਿਸਪਾਂਸ ਵਾਹਨ, ਗਿਣਤੀ 34 ਹੋਈ
ਹੁਣ ਸ਼ਹਿਰ ’ਚ ਪੰਜ ਤੇ ਦਿਹਾਤੀ ਖੇਤਰ ’ਚ ਦਸ ਮਿਨਟਾਂ ’ਚ ਮਿਲੇਗੀ ਪੁਲਿਸ ਸੇਵਾ
Publish Date: Thu, 02 Apr 2026 07:58 PM (IST)
Updated Date: Fri, 03 Apr 2026 04:17 AM (IST)

ਕੈਪਸ਼ਨ- ਐਮਰਜੰਸੀ ਰਿਸਪਾਂਸ ਵਾਹਨਾਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਵਿਚ ਰਵਾਨਾ ਕਰਨ ਮੌਕੇ ਵਾਹਨਾਂ ਦੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਐੱਸਐੱਸਪੀ ਸੁਰੇਂਦਰ ਲਾਂਬਾ ਨਾਲ ਹਨ ਐੱਸਐੱਸਪੀ ਸੁਖਨਿੰਦਰ ਸਿੰਘ। ਕੈਪਸ਼ਨ- ਰਿਸਪਾਂਸ ਵਾਹਨਾਂ ਦਾ ਸਟਾਫ ਜ਼ਿਲ੍ਹੇ ਵਿਚ ਰਵਾਨਾ ਹੋਣ ਤੋਂ ਪਹਿਲਾਂ। ਕੈਪਸ਼ਨ- ਨਵੇਂ ਆਏ ਵਾਹਨਾਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ। * ਹੁਣ ਸ਼ਹਿਰ ’ਚ ਪੰਜ ਤੇ ਦਿਹਾਤੀ ਖੇਤਰ ’ਚ ਦਸ ਮਿਨਟਾਂ ’ਚ ਮਿਲੇਗੀ ਪੁਲਿਸ ਸੇਵਾ * ਜ਼ਿਲ੍ਹੇ ’ਚੋਂ ਲੰਘਦੀ 102 ਕਿਲੋਮੀਟਰ ਪਾਕਿ ਸਰਹੱਦ ਇਲਾਕੇ ’ਚ ਵੀ ਰਹਿੰਦੀ ਹੈ ਚੌਕਸੀ : ਐੱਸਐੱਸਪੀ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ ਤਰਨਤਾਰਨ : ਪੰਜਾਬ ’ਚ ਐਮਰਜੈਂਸੀ ਰਿਸਪਾਂਸ ਸਿਸਟਮ ਨੂੰ ਹੋਰ ਚੁਸਤ ਦਰੁਸਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਲਾਟ ਕੀਤੇ ਗਏ ਨਵੇਂ ਵਾਹਨਾਂ ਦੇ ਤਹਿਤ 28 ਗੱਡੀਆਂ ਦਾ ਫਲੀਟ ਤਰਨਤਾਰਨ ਜ਼ਿਲ੍ਹੇ ਨੂੰ ਅਲਾਟ ਹੋਇਆ ਹੈ। ਜਿਸ ਕਾਰਨ ਇਥੇ ਪਹਿਲਾਂ ਚੱਲਦੇ 6 ਵਾਹਨਾਂ ਨੂੰ ਮਿਲਾ ਕੇ ਹੁਣ ਰਿਸਪਾਂਸ ਟੀਮ ਕੋਲ 34 ਵਾਹਨ ਹੋ ਗਏ ਹਨ, ਜਿਸ ਨਾਲ ਸ਼ਹਿਰੀ ਖੇਤਰ ’ਚ 5 ਅਤੇ ਦਿਹਾਤੀ ਖੇਤਰ ’ਚ 10 ਮਿੰਟ ਦੇ ਅੰਦਰ-ਅੰਦਰ ਹੁਣ ਪੁਲਿਸ ਸੇਵਾ ਲੋਕਾਂ ਨੂੰ ਮਿਲ ਸਕੇਗੀ। ਇਹ ਜਾਣਕਾਰੀ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਵੀਰਵਾਰ ਨੂੰ ਦਿੱਤੀ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਤਰਨਤਰਨ ਜ਼ਿਲ੍ਹੇ ’ਚ ਐਮਰਜੈੰਸੀ ਰਿਸਪਾਂਸ ਸਿਸਟਮ ਨੂੰ ਮਜ਼ਬੂਤ ਕਰਨ ਵਾਸਤੇ 28 ਗੱਡੀਆਂ ਅਲਾਟ ਹੋਈਆਂ ਹਨ। ਉਨ੍ਹਾਂ ਦੱਸਿਆ ਜੋ ਲੋਕ 112 ’ਤੇ ਡਾਇਲ ਕਰਦੇ ਹਨ, ਉਸ ਪੈਨਿਕ ਕਾਲ ’ਤੇ ਹੁਣ ਬਹੁਤ ਘੱਟ ਸਮੇਂ ਵਿਚ ਪੁਲਿਸ ਮੌਕੇ ’ਤੇ ਪਹੁੰਚ ਸਕੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਪਹਿਲਾਂ ਜ਼ਿਲ੍ਹੇ ਵਿਚ ਇਸ ਕਾਰਜ ਲਈ 6 ਗੱਡੀਆਂ ਕਾਰਜਸ਼ੀਲ ਸਨ, ਜਿਸਦੇ ਚੱਲਦਿਆਂ ਰਿਸਪਾਂਸ ਸਮਾਂ 28 ਤੋਂ 30 ਮਿਨਟ ਲੱਗਦਾ ਸੀ। ਪਰ ਹੁਣ ਜ਼ਿਲ੍ਹੇ ਵਿਚ 34 ਵਾਹਨ ਹੋ ਗਏ ਹਨ ਅਤੇ ਸਮਾਂ ਵੀ 10 ਤੋਂ 12 ਮਿਨਟ ਦਾ ਲੱਗੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰ ਵਿਚ ਜਿਥੇ 5 ਮਿਨਟ ਦਾ ਸਮਾਂ ਲੱਗੇਗਾ। ਉਥੇ ਹੀ ਦਿਹਾਤੀ ਖੇਤਰ ਵਿਚ ਇਹ ਵਾਹਨ 10 ਮਿਨਟ ’ਚ ਆਫਣੀ ਮੰਜਿਲ ’ਤੇ ਪਹੁੰਚ ਜਾਣਗੇ। ਇਸ ਸਰਵਿਸ ਨੂੰ 24 ਘੰਟੇ ਤੇ 7 ਦਿਨ ਜਾਰੀ ਰੱਖਣ ਲਈ ਡੇਢ ਸੌ ਦੇ ਕਰੀਬ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਜੋ ਦੋ ਸ਼ਿਫਟਾਂ ’ਚ ਕੰਮ ਕਰਨਗੇ। ਐੱਸਐੱਸਪੀ ਨੇ ਦੱਸਿਆ ਕਿ ਰਾਤ ਨੂੰ ਹਰ ਗੱਡੀ ਦੇ ਨਾਲ ਚਾਰ ਤੋਂ ਪੰਜ ਅਤੇ ਦਿਨ ਵੇਲੇ ਦੋ ਤੋਂ ਤਿੰਨ ਕਰਮਚਾਰੀ ਇਸ ਰਿਸਪਾਂਸ ਵਾਹਨ ਉੱਪਰ ਤਾਇਨਾਤ ਰਹਿਣਗੇ। ਜਦੋਂਕਿ ਇਸ ਸਮੇਂ ਦੌਰਾਨ ਵੱਖ ਵੱਖ ਥਾਵਾਂ ’ਤੇ ਲਗਾਏ ਗਏ ਨਾਕੇ ਵੀ ਇਨ੍ਹਾਂ ਵਾਹਨਾਂ ਨਾਲ ਇੰਟਗ੍ਰੇਟ ਰਹਿਣਗੇ। ਐੱਸਐੱਸਪੀ ਲਾਂਬਾ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਨਾਲ ਲੱਗਦੀ ਪਾਕਿਸਤਾਨ ਦੀ 102 ਕਿਲੋਮੀਟਰ ਸਰਹੱਦ ਦੇ ਇਲਾਕੇ ਵਿਚ ਪੈਂਦੇ ਪੰਜ ਥਾਣਿਆਂ ਦੇ ਖੇਤਰ ਜਿਸ ਨੂੰ ਸੈਕਿੰਡ ਲਾਈਨ ਡਿਫੈਂਸ ਕਿਹਾ ਜਾਂਦਾ ਹੈ,’ਚ ਵਾਧੂ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਖੇਤਰ ਵਿਚ ਦਿਨ ਵੇਲੇ 15 ਮੋਟਰਸਾਈਕਲ ਪੰਜ ਚਾਰ ਪਹੀਆ ਵਾਹਨ ਤਾਇਨਾਤ ਰਹਿੰਦੇ ਹਨ। ਜਦੋਂਕਿ ਰਾਤ ਨੂੰ ਇਥੇ ਤਾਇਨਾਤ ਮੋਟਰਸਾਈਕਲ ਤੇ ਹੋਰ ਵਾਹਨਾਂ ਦੀ ਗਿਣਤੀ 30 ਹੁੰਦੀ ਹੈ। ਇਸ ਤੋਂ ਇਲਾਵਾ ਰਾਤ ਨੂੰ ਪੈਟਰੋਲਿੰਗ ਅਤੇ ਨਾਕੇਬੰਦੀ ਤੋਂ ਇਲਾਵਾ ਵਿਸ਼ੇਸ਼ ਚੈਕਿੰਗ ਪਵਾਇੰਟ ਵੀ ਸਥਾਪਤ ਕੀਤੇ ਗਏ ਹਨ।