ਪ੍ਰੋਫੈਸਰ ਅਮਰਜੀਤ ਸਿੰਘ ਨੂੰ ਸਮਰਪਿਤ ਕੁਆਂਟਮ ਭੌਤਿਕ ਵਿਗਿਆਨ ਉਪਰ ਲੈਕਚਰ ਕਰਵਾਇਆ
ਪ੍ਰੋਫੈਸਰ ਅਮਰਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਕੁਆਂਟਮ ਭੌਤਿਕ ਵਿਗਿਆਨ ਉਪਰ ਲੈਕਚਰ ਕਰਵਾਇਆ
Publish Date: Thu, 02 Apr 2026 04:21 PM (IST)
Updated Date: Fri, 03 Apr 2026 04:05 AM (IST)

ਕੈਪਸ਼ਨ : ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਲੈਕਚਰ ਦਿੰਦੇ ਹੋਏ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ। ਕੈਪਸ਼ਨ : ਡਾ. ਹਰਪ੍ਰੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਿੰਸੀਪਲ ਅਤੇ ਸਟਾਫ਼। ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਤੇ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਸਵਰਗਵਾਸੀ ਪ੍ਰੋਫੈਸਰ ਅਮਰਜੀਤ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਭੌਤਿਕ ਵਿਗਿਆਨ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ.ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਕੁਆਂਟਮ ਭੌਤਿਕ ਵਿਗਿਆਨ ਵਿਸ਼ੇ ਉਪਰ ਲੈਕਚਰ ਕਰਦਿਆਂ ਕਿਹਾ ਕਿ ਕੁਆਂਟਮ ਭੌਤਿਕ ਵਿਗਿਆਨ ਦੀ ਇਕ ਸ਼ਾਖਾ ਹੈ ਜੋ ਬਹੁਤ ਛੋਟੇ ਪੈਮਾਨਿਆਂ ਤੇ ਪਦਾਰਥ ਅਤੇ ਊਰਜਾ ਦੇ ਵਿਵਹਾਰ ਦਾ ਅਧਿਐਨ ਕਰਦਾ ਹੈ। ਇਸ ਦੀ ਖੋਜ ਬਹੁਤ ਹੀ ਮਹੀਨ ਪਰਮਾਣੂ ਕਣਾਂ ਨੂੰ ਆਧਾਰ ਬਣਾ ਕੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਸੰਸਾਰ ਅੰਦਰ ਅਨੇਕਾਂ ਬਿਮਾਰੀਆਂ ਆਪਣਾ ਵਿਕਰਾਲ ਰੂਪ ਧਾਰਨ ਕਰ ਚੁੱਕੀਆਂ ਹਨ। ਜਿਨ੍ਹਾਂ ਵਿੱਚੋਂ ਕੈਂਸਰ ਵਰਗੀ ਬਿਮਾਰੀ ਇਕ ਜਾਨਲੇਵਾ ਬਿਮਾਰੀ ਹੈ। ਕੁਆਂਟਮ ਸੈਨਸਿੰਗ ਦੇ ਯੰਤਰ ਦੁਆਰਾ ਅਸੀਂ ਮਨੁੱਖੀ ਸਰੀਰ ਅੰਦਰ ਦਾਖ਼ਲ ਹੋਏ ਬਹੁਤ ਸੂਖਮ ਕਣਾਂ ਦੀ ਖੋਜ ਕਰਦੇ ਹੋਏ ਉਸ ਦੀ ਰੋਕਥਾਮ ਦਾ ਉੱਚਿਤ ਇਲਾਜ ਕਰ ਸਕਦੇ ਹਾਂ। ਇਸ ਲੈਕਚਰ ਤੋਂ ਵਿਦਿਆਰਥੀਆਂ ਨੇ ਭਰਪੂਰ ਲਾਭ ਉਠਾਇਆ। ਇਸ ਲੈਕਚਰ ਦੇ ਮੌਕੇ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋਫੈਸਰ ਜਤਿੰਦਰ ਸਿੰਘ ਸਿੱਧੂ ਨੇ ਡਾ. ਹਰਪ੍ਰੀਤ ਸਿੰਘ ਦਾ ਧੰਨਵਾਦ ਕਰਦਿਆਂ ਇਹ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਵਿਗਿਆਨ ਨਾਲ ਸਬੰਧਤ ਖੋਜ ਭਰਪੂਰ ਪ੍ਰੋਗਰਾਮ ਕਰਵਾਉਂਦੇ ਰਹਾਂਗੇ, ਜਿਸ ਨਾਲ ਵਿਦਿਆਰਥੀਆਂ ਨੂੰ ਹੋਰ ਵੀ ਫਾਇਦਾ ਹੋ ਸਕੇ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਇਹ ਲੈਕਚਰ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਵਿਗਿਆਨ ਵਰਗੇ ਵਿਸ਼ੇ ਮਾਤ-ਭਾਸ਼ਾ ਪੰਜਾਬੀ ’ਚ ਵੀ ਪੜ੍ਹਾਏ ਤੇ ਸਮਝਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ.ਜਤਿੰਦਰ ਸਿੰਘ ਸਿੱਧੂ ਅਤੇ ਵਿਭਾਗ ਦੇ ਸਮੂਹ ਪ੍ਰੋਫੈਸਰ ਦਾ ਇਸ ਸ਼ਲਾਘਾਯੋਗ ਕਾਰਜ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਪ੍ਰੋਫੈਸਰ ਕਰਨਬੀਰ ਕੌਰ, ਪ੍ਰੋਫੈਸਰ ਸੁਮਨਪ੍ਰੀਤ ਕੌਰ, ਪ੍ਰੋਫੈਸਰ ਈਛੂ ਸ਼ਰਮਾ ਅਤੇ ਵਿਦਿਆਰਥੀ ਹਾਜ਼ਰ ਸਨ।