ਮਹਾਪੁਰਸ਼ਾਂ ਦੀ ਯਾਦ ’ਚ ਸਿੰਧੀ ਕੁਟੀਆ ’ਚ ਧਾਰਮਿਕ ਸਮਾਗਮ
ਮਹਾਂ ਪੁਰਸ਼ਾਂ ਦੀ ਯਾਦ ’ਚ ਸਿੰਧੀ ਕੁਟੀਆ ਵਿਚ ਹੋਇਆ ਸਲਾਨਾ ਧਾਰਮਿਕ ਸਮਾਗਮ
Publish Date: Fri, 27 Mar 2026 08:47 PM (IST)
Updated Date: Sat, 28 Mar 2026 04:12 AM (IST)

ਦੂਰ-ਦੂਰ ਤੋਂ ਸੰਤ ਸਮਾਜ ਨੇ ਕੀਤੀ ਸ਼ਮੂਲੀਅਤ, ਵੱਡੀ ਗਿਣਤੀ ਸੰਗਤ ਜੁੜੀ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ 108 ਬਾਬਾ ਸੰਗਤ ਦਾਸ ਜੀ, ਬਾਬਾ ਗੋਪਾਲ ਦਾਸ ਜੀ, ਬਾਬਾ ਕਰਨ ਦਾਸ ਜੀ, ਸਵਾਮੀ ਹਰਗੋਬਿੰਦ ਸਰੂਪ ਜੀ ਤੇ ਸ਼ੰਕਰ ਮੁਨੀ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ ਸਿੰਧੀ ਕੁਟੀਆ ਮੁਹੱਲਾ ਜਸਵੰਤ ਸਿੰਘ ਵਾਲਾ ਤਰਨਤਾਰਨ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿਚ ਸੰਤ ਸਮਾਜ ਨੇ ਸ਼ਮੂਲੀਅਤ ਕੀਤੀ ਅਤੇ ਸੰਤ ਮਹਾਂਪੁਰਸ਼ਾਂ ਨੂੰ ਸ਼ਰਧਾ ਭੇਟ ਕੀਤੀ। 25 ਮਾਰਚ ਤੋਂ ਆਰੰਭ ਹੋਏ ਛੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸ਼ੁਕਰਵਾਰ ਸਵੇਰ ਸਾਢੇ 11 ਵਜੇ ਪਾਏ ਜਾਣ ਉਪਰੰਤ ਸੰਤ ਸਮਾਗਮ ਆਰੰਭ ਹੋਇਆ, ਜੋ ਦੁਪਹਿਰ ਤਕ ਜਾਰੀ ਰਿਹਾ। ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਪੁੱਜੇ ਸੰਤ ਮਹਾਂਪੁਰਸ਼ਾਂ ਨੇ ਇਸ ਸੰਤ ਸਮਾਗਮ ਵਿਚ ਹਾਜਰੀ ਲਗਾਈ। ਜਿਨ੍ਹਾਂ ਨੂੰ ਸਿੰਧੀ ਕੁਟੀਆ ਦੇ ਮਹੰਤ ਹਰੀ ਦਾਸ ਜੀ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਜਦੋਂਕਿ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੇ ਸ਼ਰਧਾਲੂ ਪਰਿਵਾਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮਹੰਤ ਹਰੀਦਾਸ ਜੀ ਨੇ ਦੱਸਿਆ ਕਿ ਹਰ ਸਾਲ ਇਹ ਸਮਾਗਮ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਜਾਂਦਾ ਹੈ। ਜਿਸ ਵਿਚ ਜਿਥੇ ਸੰਤ ਸਮਾਜ ਪਹੁੰਚਦਾ ਹੈ। ਉਥੇ ਹੀ ਵੱਡੀ ਗਿਣਤੀ ਸੰਗਤ ਵੀ ਹਾਜ਼ਰੀ ਭਰਦੀ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਸਬੰਧੀ ਤਿਆਰੀਆਂ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਵਿਸ਼ੇਸ਼ ਰੋਟ ਦਾ ਪ੍ਰਸ਼ਾਦ ਵੀ ਸੰਗਤ ਵਿਚ ਵਰਤਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਵੀ ਸੰਗਤ ਨੇ ਪਰਿਵਾਰਾਂ ਸਣੇ ਹੁੰਮ ਹੁੰਮਾ ਕੇ ਹਾਜਰੀ ਭਰੀ ਅਤੇ ਲੰਗਰ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ। ਦੱਸ ਦਈਏ ਕਿ ਤਰਨਤਾਰਨ ਦੇ ਮੁਹੱਲਾ ਜਸਵੰਤ ਸਿੰਘ ਵਾਲਾ ਵਿਚ ਸਥਿਤ ਇਹ ਸਿੰਧੀ ਕੁਟੀਆ ਬਾਬਾ ਸ੍ਰੀ ਚੰਦ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਹੈ। ਜਿਥੇ ਸੰਤ ਸਮਾਗਮ ਤੋਂ ਇਲਾਵਾ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ਤੇ ਵੀ ਵਿਸ਼ਾਲ ਸਮਾਗਮ ਕਰਵਾਇਆ ਜਾਂਦਾ ਹੈ। ਜਿਸ ਵਿਚ ਤਰਨਤਾਰਨ ਸ਼ਹਿਰ ਦੇ ਨਾਲ ਨਾਲ ਦੇਸ਼ ਵਿਦੇਸ਼ਾਂ ਤੋਂ ਸੰਗਤ ਪਹੁੰਚ ਕੇ ਨਤਮਸਤਕ ਹੁੰਦੀ ਹੈ। ਜਦੋਂਕਿ ਦਰਜਨਾਂ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਵੀ ਇਸ ਸਮਾਗਮ ਵਿਚ ਕਰਵਾਏ ਜਾਂਦੇ ਹਨ। ਇਸ ਮੌਕੇ ਮਹੰਤ ਹਰੀਦਾਸ ਜੀ ਨੇ ਜਿਥੇ ਸੰਤ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ। ਉਥੇ ਹੀ ਸਮਾਗਮ ਵਿਚ ਜੁੜੀ ਸੰਗਤ ਨੂੰ ਤਹਿ ਦਿਲੋਂ ਜੀ ਆਇਆਂ ਵੀ ਆਖਿਆ।