ਤਿੰਨ ਘੰਟੇ ਵਿਸ਼ੇਸ਼ ਨਾਕੇਬੰਦੀ ਕਰ ਕੇ ਕੀਤੀ ਵਾਹਨਾਂ ਦੀ ਚੈਕਿੰਗ
ਜ਼ਿਲ੍ਹੇ ਭਰ ’ਚ ਪੁਲਿਸ ਨੇ ਵਿਸ਼ੇਸ਼ ਤਿੰਨ ਘੰਟੇ ਨਾਕੇਬੰਦੀ ਕਰਕੇ ਕੀਤੀ ਵਾਹਨਾਂ ਦੀ ਚੈਕਿੰਗ
Publish Date: Fri, 27 Mar 2026 08:27 PM (IST)
Updated Date: Sat, 28 Mar 2026 04:11 AM (IST)

ਨਾਕੇਬੰਦੀ ਦੌਰਾਨ ਵਾਇਰਲੈਸ ਦੀ ਵਰਤੋਂ ਸਬੰਧੀ ਕੀਤਾ ਕਰਮਚਾਰੀਆਂ ਨੂੰ ਚੁਸਤ-ਦਰੁਸਤ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ ਪੰਜਾਬ ਭਰ ’ਚ ਸ਼ੁੱਕਰਵਾਰ ਨੂੰ 3 ਘੰਟੇ ਦੀ ਨਾਕੇਬੰਦੀ ਦੌਰਾਨ ਜਿਥੇ ਵਿਸ਼ੇਸ਼ ਐਕਸਰਸਾਈਜ਼ ਚਲਾਈ ਗਈ। ਉਥੇ ਹੀ ਤਰਨਤਾਰਨ ਜ਼ਿਲ੍ਹੇ ’ਚ ਵੀ ਇਸ ਮੁਹਿੰਮ ਦਾ ਵਿਆਪਕ ਅਸਰ ਦਿਖਾਈ ਦਿੱਤਾ। ਐੱਸਐੱਸਪੀ ਸੁਰਿੰਦਰ ਲਾਂਬਾ ਦੀ ਅਗਵਾਈ ਹੇਠ ਤਰਨਤਾਰਨ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਨਾਕੇਬੰਦੀ ਕਰ ਕੇ ਜਿੱਥੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਦੇ ਮੰਤਵ ਨਾਲ ਚੈਕਿੰਗ ਕੀਤੀ ਗਈ, ਉਥੇ ਹੀ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ। ਚੈਕਿੰਗ ਮੁਹਿੰਮ ਦੀ ਨਿਗਰਾਨੀ ਕਰਦਿਆਂ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਇਹ ਵਿਸ਼ੇਸ਼ ਡਰਾਈਵ ਚਲਾਈ ਗਈ ਸੀ। ਐੱਸਐੱਸਪੀ ਲਾਂਬਾ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ, ਸਪੈਸ਼ਲ ਡੀਜੀਪੀ ਕਾਨੂੰਨ ਵਿਵਸਥਾ ਵੱਲੋਂ ਜਾਰੀ ਆਦੇਸ਼ਾਂ ਤਹਿਤ ਪੂਰੇ ਪੰਜਾਬ ’ਚ ਸ਼ਹਿਰ ਵਿਚਲੇ ਪੁਆਇੰਟਾਂ ’ਤੇ ਨਾਕਿਆਂ ਦੀ ਚੈਕਿੰਗ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਵਾਹਨਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਸਵੇਰੇ 11 ਤੋਂ 2 ਵਜੇ ਤੱਕ ਚਲਾਈ ਗਈ ਤੇ ਸ਼ਹਿਰ ਦੇ ਪੁਆਇੰਟਾਂ ਉੱਪਰ ਸਪੈਸ਼ਲ ਨਾਕਾਬੰਦੀ ਦੌਰਾਨ ਹਰ ਆਉਣ-ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਦੋਂਕਿ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਕਿਸੇ ਵੀ ਸੂਚਨਾ ਨੂੰ ਵਾਇਰਲੈੱਸ ਰਾਹੀਂ ਜਾਰੀ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕਰਨ ਤੇ ਵਾਇਰਲੈੱਸ ਦੀ ਵਰਤੋਂ ਸਬੰਧੀ ਕਰਮਚਾਰੀਆਂ ਨੂੰ ਚੁਸਤ-ਦਰੁਸਤ ਵੀ ਕੀਤਾ ਗਿਆ ਹੈ ਤਾਂ ਜੋ ਅਪਰਾਧ ਨੂੰ ਰੋਕਣ ’ਚ ਸਹਾਇਤਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਵਾਇਰਲੈੱਸ ’ਤੇ ਸੂਚਨਾ ਜਾਰੀ ਹੋਣ ਤੋਂ ਬਾਅਦ ਇਲਾਕਿਆਂ ਨਾਲ ਸਬੰਧਤ ਥਾਣਿਆਂ ਦੇ ਐੱਸਐੱਚਓ, ਡਵੀਜਨਾਂ ਦੇ ਡੀਐੱਸਪੀ ਮੌਕੇ ’ਤੇ ਕਿੰਨੇ ਸਮੇਂ ਵਿਚ ਪਹੁੰਚ ਜਾਂਦੇ ਹਨ। ਇਸ ਐਕਸਰਾਈਜ ਨੂੰ ਵੀ ਦਹੁਰਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ’ਚ ਹਰ ਵੇਲੇ ਹਾਜ਼ਰ ਹੈ, ਉਥੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਨਸ਼ਾ ਤਸਕਰਾਂ, ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਸਬੰਧੀ ਪੁਲਿਸ ਦੇ ਕੰਟਰੋਲ ਰੂਮ ਨੰਬਰਾਂ ਉੱਪਰ ਸੂਚਨਾ ਦੇਣ ਤਾਂ ਜੋ ਸਮਾਂ ਰਹਿੰਦੇ ਉਨ੍ਹਾਂ ਉਪਰ ਕਾਰਵਾਈ ਹੋ ਸਕੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਨੂੰ ਗੁਪਤ ਰੱਖਿਆ ਜਾਂਦਾ ਹੈ। ਐੱਸਐੱਸਪੀ ਨੇ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਤੇ ਜੋ ਵੀ ਵਿਅਕਤੀ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਜਾਂ ਅਪਾਰਧਿਕ ਗਤੀਵਿਧੀਆਂ ’ਚ ਸ਼ਾਮਲ ਹੈ, ਉਸ ਦਾ ਲਿਹਾਜ ਨਹੀਂ ਹੋਵੇਗਾ।