ਦੁੱਧ ਲੈ ਕੇ ਜਾ ਰਹੀ ਔਰਤ ਨੂੰ ਤੇਜ਼ ਰਫਤਾਰ ਵਾਹਨ ਨੇ ਮਾਰੀ ਟੱਕਰ
ਦੁੱਧ ਲੈ ਕੇ ਜਾ ਰਹੀ ਔਰਤ ਨੂੰ ਤੇਜ ਰਫਤਾਰ ਵਾਹਨ ਨੇ ਟੱਕਰ ਮਾਰੀ
Publish Date: Fri, 27 Mar 2026 04:35 PM (IST)
Updated Date: Sat, 28 Mar 2026 04:02 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਸਰਹਾਲੀ ਕਲਾਂ : ਤਰਨਤਾਰਨ-ਬਠਿੰਡਾ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਠੱਠੀਆਂ ਮਹੰਤਾ ਵਿਖੇ ਦੁੱਧ ਲੈ ਕੇ ਚੁਰਸਤਾ ਪਾਰ ਕਰ ਰਹੀ ਔਰਤ ਨੂੰ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦਿਆਂ ਉਹ ਗੰਭੀਰ ਜ਼ਖ਼ਮੀ ਹੋਣ ਕਰ ਕੇ ਬੇਹੋਸ਼ ਹੋ ਗਈ। ਉਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਹਾਦਸੇ ਦੌਰਾਨ ਵਾਹਨ ਦੀ ਨੰਬਰ ਪਲੇਟ ਟੁੱਟ ਕੇ ਡਿੱਗ ਗਈ, ਜਿਸ ਦੇ ਆਧਾਰ ’ਤੇ ਥਾਣਾ ਸਰਹਾਲੀ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਕੁਲਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਠੱਠੀਆਂ ਮਹੰਤਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 22 ਮਾਰਚ ਦੀ ਸ਼ਾਮ ਕਰੀਬ 4 ਵਜੇ ਉਹ ਪਿੰਡ ਦੇ ਅੱਡੇ ਤੋਂ ਦੁੱਧ ਲੈ ਕੇ ਹਾਈਵੇ ਦਾ ਚੁਰਸਤਾ ਪਾਰ ਕਰ ਰਹੀ ਸੀ। ਸਰਕਾਰੀ ਸਕੂਲ ਕੋਲ ਤਰਨਤਾਰਨ ਵੱਲੋਂ ਆ ਰਹੇ ਇਕ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਉਹ ਸੱਟਾਂ ਲੱਗਣ ਕਰ ਕੇ ਬੇਹੋਸ਼ ਹੋ ਗਈ ਤੇ ਇਸ ਵੇਲੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਰਹਾਲੀ ਦੇ ਏਐੱਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਬਰਾਮਦ ਹੋਈ ਪਲੇਟ, ਜਿਸ ਉੱਪਰ ਐੱਚਆਰ14 ਕੇ 6473 ਨੰਬਰ ਲੱਗਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ, ਜਦੋਂਕਿ ਵਾਹਨ ਚਾਲਕ ਦੀ ਪਛਾਣ ਵਾਸਤੇ ਯਤਨ ਕੀਤੇ ਜਾ ਰਹੇ ਹਨ।