ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸ਼ੂਗਰ ਮਿੱਲ ਸ਼ੇਰੋਂ ’ਚ ਸਰਕਾਰ ਵੱਲੋਂ ਜਾਰੀ ਉਸਾਰੀ ਰੁਕਵਾਈ
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸ਼ੂਗਰ ਮਿੱਲ ਸ਼ੇਰੋਂ ਵਿਚ ਸਰਕਾਰ ਤਰਫੋਂ ਜਾਰੀ ਉਸਾਰੀ ਰੁਕਵਾਈ
Publish Date: Sun, 22 Feb 2026 06:28 PM (IST)
Updated Date: Sun, 22 Feb 2026 06:31 PM (IST)

ਗੁਰਪ੍ਰੀਤ ਸਿੰਘ ਕੱਦਗਿੱਲ• ਪੰਜਾਬੀ ਜਾਗਰਣ, ਤਰਨਤਾਰਨ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਸਰਕਾਰੀ ਖੰਡ ਮਿੱਲ ਸ਼ੇਰੋਂ ਦੀ ਜ਼ਮੀਨ ਉਪਰ ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਕੀਤੀ ਜਾ ਰਹੀ ਉਸਾਰੀ ਨੂੰ ਜਥੇਬੰਦਕ ਦਬਾਅ ਅਧੀਨ ਰੁਕਵਾਇਆ ਗਿਆ। ਪਿਛਲੇ ਲੰਬੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰ ਰਿਹਾ ਸੀ ਕਿ ਸਰਕਾਰੀ ਖੰਡ ਮਿੱਲ ਸ਼ੇਰੋਂ ਦੀ ਜ਼ਮੀਨ ਕਿਸੇ ਕੀਮਤ ’ਤੇ ਵੀ ਕਿਸੇ ਹੋਰ ਦੇ ਨਾਂ ਮਾਲਕੀ ਤਬਦੀਲ ਨਾ ਕੀਤੀ ਜਾਵੇ। ਡਿਪਟੀ ਕਮਿਸ਼ਨਰ ਤਰਨਤਾਰਨ ਵਲੋਂ ਬਾਰ-ਬਾਰ ਇਹ ਭਰੋਸਾ ਦਿਵਾਇਆ ਜਾਂਦਾ ਰਿਹਾ ਕਿ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪਰ ਸੰਯੁਕਤ ਮੋਰਚੇ ਦੇ ਦਬਾਅ ਦੇਣ ਹੁਣ ਜਦੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਨੇ ਪਹਿਲਾਂ ਇਹ ਜ਼ਮੀਨ ਫੂਡ ਸਪਲਾਈ ਵਿਭਾਗ ਨੂੰ ਦੇ ਦਿੱਤੀ ਸੀ ਤੇ ਹੁਣ ਨਵੰਬਰ 2025 ਨੂੰ ਕੈਬਨਿਟ ਵਿਚ ਮਤਾ ਪਾਸ ਕਰਕੇ ਇਸ ਨੂੰ ਵੱਖ-ਵੱਖ ਕਈ ਹਿੱਸਿਆਂ ਵਿਚ ਵਾਧੂ ਮਾਲਕੀ ਸਮਝ ਕੇ ਵੰਡ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਸ਼ੁਰੂ ਤੋਂ ਹੀ ਸ਼ੂਗਰ ਮਿੱਲ ਸ਼ੇਰੋਂ ਨੂੰ ਚਾਲੂ ਕਰਨ ਦੀ ਮੰਗ ਕਰ ਰਹੀਆਂ ਹਨ। ਅੱਜ ਜਿਉਂ ਹੀ ਕਿਸਾਨਾਂ ਦੇ ਧਿਆਨ ਵਿਚ ਆਇਆ ਕਿ ਮਿੱਲ ਦੀ ਜ਼ਮੀਨ ਵਿਚ ਪੋਕ ਲਾਈਨ ਨਾਲ ਕੋਈ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ, ਤਾਂ ਤੁਰੰਤ ਜਥੇਬੰਦੀਆਂ ਨੇ ਇਕੱਠ ਕਰਕੇ ਹੋ ਰਹੇ ਇਸ ਉਸਾਰੀ ਨੂੰ ਰੁਕਵਾ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਪ੍ਰਸ਼ਾਸਨ ਇਸ ਤਰ੍ਹਾਂ ਦੇ ਘਟੀਆ ਹੱਥ ਕੰਡਿਆਂ ਤੋਂ ਬਾਜ਼ ਆਵੇ। ਇਹ ਕਿਸਾਨਾਂ ਦੀ ਸੰਪਤੀ ਹੈ ਅਸੀਂ ਕਿਸੇ ਕੀਮਤ ’ਤੇ ਵੀ ਇਸ ਨੂੰ ਵਿਕਣ ਨਹੀਂ ਦਵਾਂਗੇ। ਅੱਜ ਦੇ ਇਸ ਇਕੱਠ ਵਿਚ ਗੁਰਸਾਬ ਸਿੰਘ ਡਲ ਕਾਦੀਆਂ, ਜਸਾ ਸਿੰਘ ਕਦਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਟਾਂਡਾ, ਦਲਜੀਤ ਸਿੰਘ ਦਿਆਲਪੁਰ ਜ਼ਮਹੂਰੀ ਕਿਸਾਨ ਸਭਾ, ਤਰਸੇਮ ਸਿੰਘ ਕਲਸੀ ਕਿਸਾਨ ਸੰਘਰਸ਼ ਕਮੇਟੀ ਕਲਸੀ, ਗੁਰਬਚਨ ਸਿੰਘ ਘੜਕਾ ਕਿਸਾਨ ਸੰਘਰਸ਼ ਕਮੇਟੀ ਪਨੂੰ, ਮੰਨਣ ਬੀਕੇਯੂ ਉਗਰਾਹਾਂ, ਗੁਰਚਰਨ ਸਿੰਘ ਸਭਰਾ, ਤਰਸੇਮ ਸਿੰਘ ਲੁਹਾਰ ਕੌਮੀ ਕਿਸਾਨ ਯੂਨੀਅਨ, ਸੁਖਚੈਨ ਸਿੰਘ ਸਰਹਾਲੀ, ਸਰਦਾਰਾਂ ਸਿੰਘ ਸਖੀਰਾ, ਨਛੱਤਰ ਸਿੰਘ ਮੁਗਲਚੱਕ ਕਿਰਤੀ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਪੰਡੋਰੀ ਤਖਤ ਮਲ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਆਜ਼ਾਦ ਏਕਤਾ, ਅਜੀਤ ਸਿੰਘ ਚੰਬਾ ਬੀਕੇਯੂ ਰਾਜੇਵਾਲ, ਗੁਰਪ੍ਰੀਤ ਸਿੰਘ ਗੰਡੀਵਿੰਡ ਕੁਲ ਹਿੰਦ ਕਿਸਾਨ ਸਭਾ, ਮਨਜੀਤ ਸਿੰਘ ਬੱਗੂ ਜਮਹੂਰੀ ਕਿਸਾਨ ਸਭਾ, ਅਵਤਾਰ ਸਿੰਘ ਪੀਪੀਸੀਐੱਲ, ਅਮੋਲਕ ਸਿੰਘ, ਦਲਜੀਤ ਸਿੰਘ ਜਵੰਦਾ ਵਾਰਸ ਪੰਜਾਬ ਦੇ ਆਦਿ ਬੁਲਾਰਿਆਂ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ।