ਪੰਜਾਬੀ ਮਾਧਿਅਮ ਦੇ ਪ੍ਰਸ਼ਨ ਪੱਤਰ ’ਚ ਤਿੰਨ ਸਵਾਲ ਨਾ ਛਪੇ ਹੋਣ ਕਾਰਨ ਪ੍ਰੇਸ਼ਾਨ ਹੋਏ ਵਿਦਿਆਰਥੀ

ਗੁਰਪ੍ਰੀਤ ਸਿੰਘ• ਕੱਦਗਿੱਲ, •ਪੰਜਾਬੀ ਜਾਗਰਣ,
ਤਰਨਤਾਰਨ : ਸਰਕਾਰ ਵੱਲੋਂ ਪੰਜਾਬ ਵਿਚ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਜਿੱਥੇ ਸਰਕਾਰੀ ਦਫਤਰਾਂ ’ਚੋਂ ਨਿਕਲਦੇ ਚਿੱਠੀ ਪੱਤਰਾਂ ਨੂੰ ਪੰਜਾਬੀ ਵਿਚ ਲਿਖਣ ਅਤੇ ਭੇਜਣ ਬਾਰੇ ਆਦੇਸ਼ ਜਾਰੀ ਕੀਤੇ ਹੋਏ ਹਨ ਤਾਂ ਜੋ ਸੂਬੇ ਅੰਦਰ ਪੰਜਾਬੀ ਨੂੰ ਪਹਿਲ ਦੇ ਅਧਾਰ ’ਤੇ ਲਾਗੂ ਕੀਤਾ ਜਾ ਸਕੇ। ਪੰਜਾਬ ਵਿਚ ਪਹਿਲੀ ਭਾਸ਼ਾ ਪੰਜਾਬੀ ਅਤੇ ਸਰਕਾਰੀ ਸਕੂਲਾਂ ਵਿਚ ਜ਼ਿਆਦਾ ਗਿਣਤੀ ਪੰਜਾਬੀ ਮੀਡੀਅਮ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਹੈ। ਪਰ ਸ਼ੁੱਕਰਵਾਰ ਨੂੰ ਹੋਈ ਮਿਡਲ ਪ੍ਰੀਖਿਆ ’ਚ ਸਾਇੰਸ ਵਿਸ਼ੇ ਵਿਚ ਛਪੇ ਪ੍ਰਸ਼ਨ ਪੱਤਰ ਜੋ ਕਿ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਵਿਚ ਇਕੱਠਾ ਸੀ, ਵਿਚ ਪੰਜਾਬੀ ਮੀਡੀਅਮ ਵਾਲੇ ਪ੍ਰਸ਼ਨ ਪੱਤਰ ਅੰਦਰ 15 ਨੰਬਰਾਂ ਵਾਲੇ ਤਿੰਨ ਸਵਾਲ ਪ੍ਰਿੰਟ ਨਾ ਹੋਣ ਕਾਰਨ ਤਰਨਤਾਰਨ ਜ਼ਿਲ੍ਹੇ ਦੇ ਵਿਦਿਆਰਥੀ ਪਰੇਸ਼ਾਨ ਰਹੇ। ਕਿਉਂਕਿ ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਦੇ ਵਿਚ 80 ਨੰਬਰ ਦਾ ਪੇਪਰ ਛਪ ਕੇ ਆਇਆ ਅਤੇ ਪੰਜਾਬੀ ਵਿਚ 65 ਨੰਬਰ ਦਾ ਪੇਪਰ ਵਿਦਿਆਰਥੀਆਂ ਦੇ ਸਾਹਮਣੇ ਆਇਆ।
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਇਸ ਵੱਡੀ ਅਣਗਿਹਲੀ ਦਾ ਖਮਿਆਜ਼ਾ ਵਿਦਿਆਰਥੀ ਭੁਗਤੇ ਦਿਖਾਈ ਦਿੱਤੇ ਕਿਉਂਕਿ ਪੰਜਾਬੀ ਮਾਧਿਅਮ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਤੇ ਹਿੰਦੀ ਤੋਂ ਇਸਦਾ ਅਨੁਵਾਦ ਕਰਨ ’ਚ ਭਾਰੀ ਔਖ ਆ ਰਹੀ ਸੀ। ਬੇਸ਼ੱਕ ਪੰਜਾਬ ਪੱਧਰ ’ਤੇ ਉਜਾਗਰ ਹੋਈ ਇਸ ਗਲਤੀ ਤੋਂ ਬਾਅਦ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕਰਕੇ ਡਿਊਟੀ ਕਰ ਰਹੇ ਨਿਗਰਾਨ ਅਮਲੇ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਛਪੇ ਪ੍ਰਸ਼ਨਾਂ ਦਾ ਪੰਜਾਬੀ ’ਚ ਅਨੁਵਾਦ ਕਰਕੇ ਵਿਦਿਆਰਥੀਆਂ ਨੂੰ ਨੋਟ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਪਰ ਪ੍ਰੀਖਿਆ ਲੈਣ ਲਈ ਤਾਇਨਾਤ ਗੈਰ ਸਾਇੰਸ ਨਿਗਰਾਨ ਅਮਲਾ ਸਾਇੰਸ ਵਰਗੇ ਤਕਨੀਕੀ ਵਿਸ਼ੇ ਨਾਲ ਸਬੰਧਤ ਤਕਨੀਕੀ ਸ਼ਬਦਾਵਲੀ ਵਾਲੇ ਪ੍ਰਸ਼ਨਾਂ ਦਾ ਦਰੁਸਤ ਤਰਜਮਾ ਕਰ ਸਕਣਗੇ ਜਾਂ ਨਹੀਂ, ਇਹ ਸ ਵਾਲ ਵੀ ਵਿਦਿਆਰਥੀਆਂ ਦੇ ਸਾਹਮਣੇ ਰਿਹਾ। ਉੱਧਰ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਵਿਦਿਆਰਥੀ ਪੰਜਾਬੀ ਵਿਚ ਇਹ ਪ੍ਰਸ਼ਨ ਨਾ ਛਪਣ ਕਰਕੇ ਸਿਰਫ 65 ਨੰਬਰ ਦਾ ਪੇਪਰ ਹੀ ਕਰਕੇ ਪਰਤ ਆਏ ਤੇ ਬਾਕੀ 15 ਨੰਬਰ ਦਾ ਪੇਪਰ ਛੱਡ ਕੇ ਆਉਣਾ ਪਿਆ। ਕਿਉਂਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆਈ ਕਿ ਉਹ ਅੰਗਰੇਜ਼ੀ ਜਾਂ ਹਿੰਦੀ ਤੋਂ ਪੰਜਾਬੀ ਵਿਚ ਇਸਦਾ ਅਨੁਵਾਦ ਕਿਸ ਤਰ੍ਹਾਂ ਕਰਨ। ਇਸ ਲਈ ਉਹ ਦੇਖਣਾ ਹੋਵੇਗਾ ਕੇ ਵਿਦਿਆਰਥੀਆਂ ਵੱਲੋਂ ਛੁੱਟ ਗਏ 15 ਨੰਬਰ ਦੇ ਪੇਪਰ ਬਾਰੇ ਸਿੱਖਿਆ ਵਿਭਾਗ ਕੀ ਫੈਸਲਾ ਲੈਂਦਾ ਹੈ।
====
ਵਿਦਿਆਰਥੀਆਂ ਨੂੰ ਗ੍ਰੇਸ ਮਾਰਕ ਦਿੱਤੇ ਜਾਣ : ਭੁੱਲਰ
ਮਾਸਟਰ ਕੇਡਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ ਨੇ ਕਿਹਾ ਮਾਸਟਰ ਕੇਡਰ ਯੂਨੀਅਨ ਇਸ ਦੀ ਸਖ਼ਤ ਨਿਦਿਆਂ ਕਰਦਿਆਂ ਮੰਗ ਕਰਦੀ ਹੈ ਕੇ ਇਨ੍ਹਾਂ ਨੰਬਰਾਂ ਦੇ ਪ੍ਰਸ਼ਨ ਨਾ ਕਰਨ ਵਾਲੇ ਬੱਚਿਆਂ ਨੂੰ ਗ੍ਰੇਸ ਮਾਰਕ ਦਿੱਤੇ ਜਾਣ ਤਾਂ ਜੋ ਬੱਚਿਆਂ ਦਾ ਸਾਲ ਖਰਾਬ ਨਾ ਹੋਵੇ ਅਤੇ ਇਸ ਨਾਲ ਸਬੰਧਤ ਅਧਿਕਾਰੀਆਂ ਦੀ ਵੀ ਪੜਤਾਲ ਕਾਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਕ ਬਹੁਤ ਹੀ ਗੰਭੀਰ ਮਸਲਾ ਹੈ। ਵਿਦਿਆਰਥੀ ਸਾਰਾ ਸਾਲ ਮਿਹਨਤ ਕਰਦੇ ਹਨ ਅਤੇ ਸਾਲਾਨਾ ਪ੍ਰੀਖਿਆ ਵਿਚ ਹਰੇਕ ਵਿਦਿਆਰਥੀ ਦਾ ਇਕ ਇੱਕ ਨੰਬਰ ਬਹੁਤ ਹੀ ਕੀਮਤੀ ਹੁੰਦਾ ਹੈ।
----
ਉੱਚ ਅਧਿਕਾਰੀਆਂ ਨੂੰ ਇਸ ਬਾਰੇ ਦਿੱਤੀ ਜਾ ਚੁੱਕੀ ਹੈ ਜਾਣਕਾਰੀ : ਜ਼ਿਲ੍ਹਾ ਸਿੱਖਿਆ ਅਫ਼ਸਰ
ਜਿਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਨਾਮ ਸਿੰਘ ਬਾਠ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਲੱਗਭੱਗ ਇਕ ਵਜੇ ਦੇ ਕਰੀਬ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਅੱਠਵੀਂ ਦੇ ਪ੍ਰਸ਼ਨ ਪੱਤਰ ਵਿਚ ਪੰਜਾਬੀ ਭਾਸ਼ਾ ’ਚ 5-5 ਨੰਬਰ ਦੇ ਤਿੰਨ ਪ੍ਰਸ਼ਨ ਪ੍ਰਿੰਟ ਨਹੀਂ ਹੋਏ। ਇਸ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਵੀ ਕਰਵਾ ਦਿੱਤਾ ਗਿਆ ਹੈ।
ਕੈਪਸ਼ਨ- ਅੱਠਵੀਂ ਜਮਾਤ ਦਾ ਸਾਇੰਸ ਵਿਸ਼ੇ ਦਾ ਪੰਜਾਬੀ ਮੀਡੀਅਮ ਦਾ ਪ੍ਰਸ਼ਨ ਪੱਤਰ, ਜਿਸ ਵਿਚ ਤਿੰਨ ਸਵਾਲ ਪ੍ਰਿੰਟ ਹੀ ਨਹੀਂ ਹੋਏ।
ਕੈਪਸ਼ਨ- ਗੁਰਮੀਤ ਸਿੰਘ ਭੁੱਲਰ।
ਕੈਪਸ਼ਨ- ਸਤਿਨਾਮ ਸਿੰਘ ਬਾਠ ਡੀਈਓ।