ਲੜਾਈ ਕਰਨ ਤੋਂ ਵਰਜਿਆ ਤਾਂ ਮਾਰ ਦਿੱਤੀ ਗੋਲ਼ੀ
ਲੜਾਈ ਕਰਨ ਤੋਂ ਵਰਜਿਆ ਤਾਂ ਮਾਰ ਦਿੱਤੀ ਬਾਂਹ ਵਿਚ ਗੋਲੀ, ਅੱਠ ਨਾਮਜ਼ਦ
Publish Date: Fri, 23 Jan 2026 08:10 PM (IST)
Updated Date: Sat, 24 Jan 2026 04:16 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੌਧਰੀਵਾਲਾ ’ਚ ਲੜਾਈ ਨਾ ਕਰਨ ਲਈ ਕਹਿਣ ’ਤੇ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਥਾਣਾ ਸਰਹਾਲੀ ਦੀ ਪੁਲਿਸ ਨੇ ਅੱਠ ਲੋਕਾਂ ਵਿਰੁੱਧ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਦੋਂਕਿ ਜ਼ਖ਼ਮੀ ਵਿਅਕਤੀ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਗੁਰਪਾਲ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਚੌਧਰੀਵਾਲਾ ਨੌਸ਼ਹਿਰਾ ਪੰਨੂੰਆਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 14 ਜਨਵਰੀ ਦੀ ਸ਼ਾਮ ਕਰੀਬ ਪੰਜ ਵਜੇ ਉਹ ਅੱਡਾ ਨੌਸ਼ਹਿਰਾ ਪਨੂੰਆਂ ਤੋਂ ਸਾਮਾਨ ਲੈ ਕੇ ਘਰ ਜਾ ਰਿਹਾ ਸੀ। ਉਸਦੇ ਘਰ ਕੋਲ ਹੀ ਛੱਤ ’ਤੇ ਚੜ੍ਹੇ ਹਨੀਪ੍ਰੀਤ ਸਿੰਘ, ਗਗਨਦੀਪ ਸਿੰਘ ਗੱਗੀ ਵਾਸੀ ਚੌਧਰੀਵਾਲਾ ਅਤੇ ਬਿੱਲੂ ਵਾਸੀ ਮਕਬੂਲਪੁਰਾ ਆਪਣੇ ਘਰ ਦੀ ਛੱਤ ’ਤੇ ਗੋਲ਼ੀਆਂ ਚਲਾ ਰਹੇ ਸੀ। ਉਸਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਗਗਨਦੀਪ ਗੱਗੀ ਨੇ ਪਿਸਟਲ ਨਾਲ ਉਸ ਉੱਪਰ ਗੋਲ਼ੀ ਚਲਾ ਦਿੱਤੀ, ਜੋ ਉਸਦੀ ਬਾਂਹ ’ਤੇ ਲੱਗੀ। ਜਦੋਂਕਿ ਬਾਅਦ ਵਿਚ ਸਾਰੇ ਜਣੇ ਫ਼ਰਾਰ ਹੋ ਗਏ। ਉਸਨੇ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਭਤੀਜੇ ਪ੍ਰਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਦਾ ਗਗਨਦੀਪ ਸਿੰਘ ਗੱਗੀ ਨਾਲ ਮਾਮੂਲੀ ਝਗੜਾ ਹੋਇਆ ਸੀ ਅਤੇ ਉਹ ਦੋਵਾਂ ਧਿਰਾਂ ਦਰਮਿਆਨ ਰਾਜ਼ੀਨਾਮਾ ਕਰਵਾ ਰਿਹਾ ਸੀ। ਇਸੇ ਰੰਜਿਸ਼ ਤਹਿਤ ਹੀ ਉਸ ਨੂੰ ਗੋਲ਼ੀ ਮਾਰੀ ਹੈ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਚੌਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਵੱਲੋਂ ਹੁਣ ਬਿਆਨ ਦਰਜ ਕਰਵਾਏ ਗਏ ਹਨ। ਜਿਨ੍ਹਾਂ ਦੇ ਅਧਾਰ ’ਤੇ ਜਤਿੰਦਰ ਸਿੰਘ ਰਾਜੂ ਫੌਜੀ ਪੁੱਤਰ ਬਲਦੇਵ ਸਿੰਘ, ਉਸਦੇ ਲੜਕੇ ਗਗਨਦੀਪ ਸਿੰਘ ਗੱਗੂ, ਹਨਪ੍ਰੀਤ ਸਿੰਘ, ਪਰਮਜੀਤ ਕੌਰ ਪਤਨੀ ਜਤਿੰਦਰ ਸਿੰਘ, ਅਮਨਦੀਪ ਕੌਰ ਪੁੱਤਰੀ ਜਤਿੰਦਰ ਸਿੰਘ, ਅਕਾਸ਼ ਅਤੇ ਰਾਹੁਲ ਪੁੱਤਰ ਜਤਿੰਦਰ ਸਿੰਘ ਤੋਂ ਇਲਾਵਾਬਿੱਲੂ ਵਾਸੀ ਮਕਬੂਲਪੁਰਾ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।