ਐੱਨਐੱਚਐੱਮ ਇੰਪਲਾਈਜ਼ ਯੂਨੀਅਨ 19 ਨੂੰ ਕਰੇਗੀ ਸਰਕਾਰ ਖ਼ਿਲਾਫ਼ ਰੋਸ ਰੈਲੀ
ਐੱਨਐੱਚਐੱਮ ਇੰਪਲਾਈਜ਼ ਯੂਨੀਅਨ 19 ਨੂੰ ਬਰਨਾਲਾ ’ਚ ਕਰੇਗੀ ਸਰਕਾਰ ਖਿਲਾਫ਼ ਰੋਸ ਰੈਲੀ
Publish Date: Fri, 16 Jan 2026 07:07 PM (IST)
Updated Date: Fri, 16 Jan 2026 07:09 PM (IST)
ਲਵਦੀਪ ਦੇਵਗਨ, •ਪੰਜਾਬੀ ਜਾਗਰਣ
ਸਰਹਾਲੀ ਕਲਾਂ : ਕਰੀਬ 20 ਸਾਲ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਨੈਸ਼ਨਲ ਹੈਲਥ ਮਿਸ਼ਨ ਦੇ ਅਧੀਨ ਕੰਮ ਕਰਦੇ 8 ਹਜਾਰ ਕੱਚੇ ਮੁਲਾਜ਼ਮਾਂ ਵੱਲੋਂ 19 ਜਨਰਵਰੀ ਨੂੰ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲ੍ਹ ਰੈਲੀ ਦਾ ਐਲਾਨ ਕਰ ਦਿੱਤਾ ਗਿਆ ਹੈ। ਐੱਨਐੱਮਐੱਚ ਇੰਪਲਾਈਜ਼ ਯੂਨੀਅਨ ਦੇ ਬਲਾਕ ਪ੍ਰਧਾਨ ਮਨਦੀਪ ਸਿੰਘ ਨੇ ਦੱਸਿਆ ਗਿਆ ਕਿ ਮੌਜੂਦਾ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਸਾਡੇ ਰੈਲੀਆਂ ਧਰਨਿਆਂ ਵਿਚ ਆ ਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਗਏ ਸਨ। ਜਿਸ ਕਰ ਕੇ ਕੱਚੇ ਮੁਲਾਜ਼ਮਾਂ ਨੇ ਇਸ ਪਾਰਟੀ ਦਾ ਵਿਸ਼ਵਾਸ ਕੀਤਾ ਅਤੇ ਸਾਥ ਦਿੱਤਾ। ਪਰ ਹੁਣ ਲਗਭਗ 4 ਸਾਲ ਬੀਤ ਜਾਣ ਤੇ ਵੀ ਸਰਕਾਰ ਵਲੋਂ ਨਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ ਅਤੇ ਨਾ ਹੀ ਤਨਖਾਹਾਂ ਵਿਚ ਵਾਧਾ ਦਿੱਤਾ ਗਿਆ। ਹੋਰ ਤਾਂ ਹੋਰ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ। ਸਰਕਾਰ ਦੁਆਰਾ 25-30 ਮੀਟਿੰਗਾਂ ਕੀਤੀਆਂ ਗਈਆਂ ਪਰ ਸਿਵਾਏ ਲਾਰਿਆਂ ਤੋਂ ਮੁਲਾਜ਼ਮਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਸਰਕਾਰ ਦੇ ਇਸ ਮਤਰੇਈ ਮਾਂ ਵਾਲੇ ਸਲੂਕ ਤੋਂ ਤੰਗ ਪਰੇਸ਼ਾਨ ਹੋ ਕੇ ਇਨ੍ਹਾਂ ਮੁਲਾਜ਼ਮਾਂ ਵਲੋਂ 19 ਜਨਵਰੀ ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲ ਵਿਖੇ ਅਮਰ ਸ਼ਹੀਦ ਸੇਵਾ ਸਿੰਘ ਜੀ ਦੀ ਬਰਸੀ ਮੌਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਪੋਲ ਖੋਲ੍ਹ ਰੈਲੀ ਕੀਤੀ ਜਾਵੇਗੀ, ਜਿਸ ਦੌਰਾਨ 10 ਹਜਾਰ ਪਰਚੇ ਵੰਡ ਕੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਮੌਜੂਦਾ ਸਰਕਾਰ ਅਪਣੇ ਵਾਅਦਿਆਂ ਤੋਂ ਕਿਵੇਂ ਭੱਜ ਰਹੀ ਹੈ।