ਤਰਨਤਾਰਨ ’ਚ ਅਗਸਤ ਮਹੀਨੇ ਦੌਰਾਨ 8 ਕਤਲਾਂ ਦੀਆਂ ਵਾਰਦਾਤਾਂ ਨੇ ਹਿਲਾਇਆ ਜ਼ਿਲ੍ਹਾ ਤਰਨਤਾਰਨ ’ਚ ਅਗਸਤ ਮਹੀਨੇ ਦੌਰਾਨ 8 ਕਤਲਾਂ ਦੀਆਂ ਵਾਰਦਾਤਾਂ ਨੇ ਹਿਲਾਇਆ ਜ਼ਿਲ੍ਹਾ
Publish Date: Sun, 30 Aug 2026 08:09 PM (IST)
Updated Date: Sun, 30 Aug 2026 08:10 PM (IST)
ਹੁਣ ਤਕ ਸੱਤ ਕਤਲਾਂ ਪਿੱਛੇ ਨਿੱਜੀ ਰੰਜਿਸ਼ ਦਾ ਮਾਮਲਾ ਆਇਆ ਸਾਹਮਣੇ, ਘਰ ’ਚ ਦਾਖਲ ਹੋ ਕੇ ਔਰਤ ਦੇ ਕਤਲ ਦੀ ਗੁੱਥੀ ਅਜੇ ਵੀ ਅਣ ਸੁਲਝੀ ਜਸਪਾਲ ਸਿੰਘ ਜੱਸੀ/ਕੇਪੀ ਗਿੱਲ, •ਪੰਜਾਬੀ ਜਾਗਰਣ, ਤਰਨਤਾਰਨ/ਕੈਰੋਂ : ਅਗਸਤ ਮਹੀਨਾ ਤਰਨਤਾਰਨ ਜ਼ਿਲ੍ਹੇ ਲਈ ਅਮਨ-ਕਾਨੂੰਨ ਦੇ ਪੱਖੋਂ ਚਿੰਤਾਜਨਕ ਰਿਹਾ ਹੈ। ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਵਾਪਰੀਆਂ ਕਤਲ ਦੀਆਂ ਵਾਰਦਾਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਕਿਤੇ ਜ਼ਮੀਨ ਦੇ ਹੱਕ ਨੂੰ ਲੈ ਕੇ ਪੁਰਾਣਾ ਵਿਵਾਦ ਖੂਨੀ ਟਕਰਾਅ ਵਿਚ ਬਦਲਿਆ, ਕਿਤੇ ਆਪਸੀ ਰੰਜਿਸ਼ ਨੇ ਦੋ ਜ਼ਿੰਦਗੀਆਂ ਲੈ ਲਈਆਂ, ਤੇ ਕਿਤੇ ਘਰ ਅੰਦਰ ਦਾਖਲ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਔਰਤ ਦੀ ਹੱਤਿਆ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ। ਤਾਜਾ ਮਾਮਲੇ ’ਚ ਦਿਨ ਦਿਹਾੜੇ ਨੌਜਵਾਨ ਨੂੰ ਕਤਲ ਕਰਨ ਦੀ ਹੌਲਨਾਕ ਘਟਨਾ ਤੇ ਉਸਦੀ ਬਣੀ ਵੀਡੀਓ ਨੂੰ ਵੇਖ ਹਰ ਕਿਸੇ ਦਾ ਦਿਲ ਪਸੀਜਿਆ ਗਿਆ। ਅਗਸਤ ਮਹੀਨੇ ਦੌਰਾਨ ਸਾਹਮਣੇ ਆਈਆਂ ਮੁੱਖ ਵਾਰਦਾਤਾਂ ਵਿਚ ਸਭ ਤੋਂ ਚਰਚਿਤ ਮਾਮਲਾ ਹਲਕਾ ਖੇਮਕਰਨ ਦੇ ਪਿੰਡ ਪਹੂਵਿੰਡ ਵਿਚ 15 ਅਗਸਤ ਨੂੰ ਵਾਪਰੇ ਦੋਹਰੇ ਕਤਲਕਾਂਡ ਦਾ ਰਿਹਾ। ਜਿਥੇ ਡੇਢ ਏਕੜ ਜ਼ਮੀਨ ਦੇ ਵਿਵਾਦ ਨੇ ਉਸ ਵੇਲੇ ਦੋ ਜਿੰਦਗੀਆਂ ਲੀਲ ਲਈਆਂ ਜਦੋਂ ਦੋਵਾਂ ਧਿਰਾਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਦੋਵਾਂ ਧਿਰਾਂ ਦੇ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਸੁਖਰਾਜ ਸਿੰਘ ਅਤੇ ਨਿਰਮਲ ਸਿੰਘ ਦੇ ਨਾਂ ਸਾਹਮਣੇ ਆਏ ਸਨ। ਜਿਸ ਸਬੰਧੀ ਪੁਲਿਸ ਵੱਲੋਂ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਕੇਸ ਦਰਜ ਕੀਤੇ ਗਏ। ਇਸੇ ਤਰ੍ਹਾਂ 4 ਅਗਸਤ ਨੂੰ ਅੱਡਾ ਝਬਾਲ ਵਿਖੇ ਦੋ ਸਕੇ ਭਰਾਵਾਂ ਦੇ ਕਤਲ ਦੀ ਵਾਰਦਾਤ ਨੇ ਵੀ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ। ਰਸਤਾ ਨਾ ਦੇਣ ਦੇ ਚੱਲਦਿਆਂ ਹੋਏ ਮਾਮੂਲੀ ਤਕਰਾਰ ਦੇ ਚੱਲਦਿਆਂ ਵਾਪਰੀ ਇਸ ਘਟਨਾ ਵਿਚ ਦੋ ਸਕੇ ਭਰਾਵਾਂ ਗੁਰਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸੇ ਤਰ੍ਹਾਂ 12 ਅਗਸਤ ਨੂੰ ਕਿਸਾਨ ਆਗੂ ਦੇ ਭਰਾ ਸਤਪਾਲ ਸਿੰਘ ਪਾਲਾ ਨੂੰ ਗੋਲੀਆਂ ਮਾਰਨ ਦੀ ਵਾਰਦਾਤ ਸਾਹਮਣੇ ਆਈ। ਇਸ ਕਤਲ ਤੋਂ ਬਾਅਦ ਮਾਮਲੇ ਨੇ ਉਸ ਵੇਲੇ ਹੋਰ ਤੂਲ ਫੜ ਲਿਆ ਜਦੋਂ ਕਤਲ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਮੰਨੇ ਜਾਂਦੇ ਲਵਜੀਤ ਸਿੰਘ ਦੀ ਲਾਸ਼ 20 ਅਗਸਤ ਨੂੰ ਮ੍ਰਿਤਕ ਪਾਲਾ ਦੇ ਘਰੋਂ ਪਿੰਡ ਬੂਹ ਹਥਾੜ ’ਚੋਂ ਬਰਾਮਦ ਹੋਈ। ਜਿਸ ਸਬੰਧੀ ਕਿਸਾਨ ਆਗੂ ਸਣੇ ਪੁਲਿਸ ਨੇ ਕਈ ਲੋਕਾਂ ਵਿਰੁੱਧ ਅਗਵਾ ਕਰਕੇ ਕਤਲ ਕਰਨ ਦਾ ਕੇਸ ਦਰਜ ਕੀਤਾ। 28 ਅਗਸਤ ਨੂੰ ਤਰਨਤਾਰਨ ਸ਼ਹਿਰ ਦੇ ਨੇੜਲੇ ਪਿੰਡ ਮਲੀਆ ਵਿਖੇ ਘਰ ’ਚ ਇਕੱਲੀ ਔਰਤ ਦੀ ਕਰੰਟ ਲਗਾ ਕੇ ਹੱਤਿਆ ਕਰਨ ਦੀ ਵਾਰਦਾਤ ਨੇ ਪੂਰੇ ਇਲਾਕੇ ਵਿਚ ਸਹਿਮ ਪੈਦਾ ਕਰ ਦਿੱਤਾ। 38 ਸਾਲਾ ਕੁਲਦੀਪ ਕੌਰ ਨੂੰ ਕਤਲ ਕਰਨ ਦੀ ਘਟਨਾ ਪਿੱਛੇ ਮਾਮਲਾ ਲੁੱਟ ਖੋਹ ਨਾਲ ਜੁੜਿਆ ਹੋਣ ਦੀ ਸ਼ੰਕਾ ਹੈ। ਸੀਸੀਟੀਵੀ ਵਿਚ ਦੋ ਅਣਪਛਾਤੇ ਵਿਅਕਤੀ ਘਰ ਅੰਦਰ ਦਾਖਲ ਹੁੰਦੇ ਤੇ ਅੱਧੇ ਘੰਟੇ ਬਾਅਦ ਵਾਪਸ ਜਾਂਦੇ ਵੀ ਦਿਖਾਈ ਦਿੱਤੇ। ਇਸ ਮਾਮਲੇ ਵਿਚ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉੱਧਰ 30 ਅਗਸਤ ਐਤਵਾਰ ਨੂੰ ਤਰਨਤਾਰਨ ਦੇ ਮੁੱਖ ਬੱਸ ਅੱਡੇ ਨੇੜੇ ਦਿਨ-ਦਿਹਾੜੇ 21 ਸਾਲਾ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਵਾਰਦਾਤ ਨੇ ਸ਼ਹਿਰ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ। ਜਾਣਕਾਰੀ ਅਨੁਸਾਰ ਪ੍ਰੇਮ ਵਿਆਹ ਨੂੰ ਲੈ ਕੇ ਚੱਲ ਰਹੇ ਪਰਿਵਾਰਕ ਵਿਵਾਦ ਦੇ ਚਲਦਿਆਂ ਲੜਕੀ ਦੇ ਦੋ ਭਰਾਵਾਂ ਵੱਲੋਂ ਜਗਜੀਤ ਸਿੰਘ ਨਾਮਕ ਉਕਤ ਨੌਜਵਾਨ ਨੂੰ ਕਤਲ ਕੀਤਾ ਗਿਆ। ਕਿਰਚਾਂ ਨਾਲ ਕਈ ਵਾਰ ਕਰਕੇ ਕਤਲ ਕੀਤੇ ਜਾਣ ਦੀ ਘਟਨਾ ਸਬੰਧੀ ਹੌਲਨਾਕ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਸਾਹਮਣੇ ਆਈ। ਦਿਨ-ਦਿਹਾੜੇ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਵਾਪਰੀ ਇਸ ਵਾਰਦਾਤ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਹ ਘਟਨਾ ਵੀ ਅਗਸਤ ਮਹੀਨੇ ਦੌਰਾਨ ਜ਼ਿਲ੍ਹੇ ਵਿਚ ਵਾਪਰੀਆਂ ਗੰਭੀਰ ਕਤਲ ਦੀਆਂ ਵਾਰਦਾਤਾਂ ਦੀ ਕੜੀ ਵਿਚ ਸ਼ਾਮਲ ਰਹੀ। ਬੇਸ਼ੱਕ ਹੁਣ ਤਕ ਅੱਠਾਂ ਵਿੱਚੋਂ ਸੱਤ ਕਤਲਾਂ ਪਿੱਛੇ ਮਾਮਲਾ ਰੰਜਿਸ਼ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਪਰ ਇਕ ਮਹੀਨੇ ਵਿਚ ਲਗਾਤਾਰ ਹੋਏ ਕਤਲਾਂ ਇਹ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਇਨਸਾਨੀ ਜਿੰਦਗੀ ਦੀ ਕੀਮਤ ਆਖਰ ਖਤਮ ਕਿਓਂ ਹੁੰਦੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਹਥਿਆਰਾਂ ਦੀ ਵਰਤੋਂ ਅਤੇ ਨਿੱਜੀ ਰੰਜਿਸ਼ਾਂ ਕਾਰਨ ਵਾਪਰ ਰਹੀਆਂ ਹਿੰਸਕ ਘਟਨਾਵਾਂ ਨੂੰ ਕਿਵੇਂ ਰੋਕਿਆ ਜਾਵੇ। ਪਿੰਡਾਂ ਵਿਚ ਜ਼ਮੀਨੀ ਵਿਵਾਦ, ਪੁਰਾਣੀਆਂ ਰੰਜਿਸ਼ਾਂ ਅਤੇ ਆਪਸੀ ਝਗੜੇ ਕਈ ਵਾਰ ਇਸ ਹੱਦ ਤਕ ਵਧ ਜਾਂਦੇ ਹਨ ਕਿ ਗੱਲਬਾਤ ਦੀ ਥਾਂ ਹਥਿਆਰਾਂ ਦੀ ਵਰਤੋਂ ਹੋਣ ਲੱਗਦੀ ਹੈ। ਦੂਜੇ ਪਾਸੇ, ਸ਼ਹਿਰਾਂ ਅਤੇ ਪਿੰਡਾਂ ਵਿਚ ਘਰਾਂ ਅੰਦਰ ਦਾਖਲ ਹੋ ਕੇ ਵਾਰਦਾਤਾਂ ਕਰਨ ਵਾਲੇ ਅਪਰਾਧੀਆਂ ਨੂੰ ਲੈ ਕੇ ਵੀ ਲੋਕਾਂ ਅੰਦਰ ਚਿੰਤਾ ਵਧ ਰਹੀ ਹੈ। ਪੁਲਿਸ ਵੱਲੋਂ ਇਨ੍ਹਾਂ ਮਾਮਲਿਆਂ ਵਿਚ ਜਾਂਚ ਕੀਤੇ ਜਾਣ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਦਾਅਵੇ ਕੀਤੇ ਗਏ ਹਨ। ਕਈ ਮਾਮਲਿਆਂ ਵਿਚ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ, ਮੋਬਾਈਲ ਫੋਨ ਅਤੇ ਹੋਰ ਤਕਨੀਕੀ ਸਾਧਨਾਂ ਦੀ ਮਦਦ ਲਈ ਜਾ ਰਹੀ ਹੈ। -------------- ਬਾਕਸ- ਕਈ ਕਤਲ ਕੇਸਾਂ ਨੂੰ ਟਰੇਸ ਕਰਕੇ ਪੁਲਿਸ ਨੇ ਜਾਂਚ ਅੱਗੇ ਵਧਾਈ ਤਰਨਤਾਰਨ ਜ਼ਿਲ੍ਹੇ ਅੰਦਰ ਅਗਸਤ ਮਹੀਨੇ ਦੌਰਾਨ ਵਾਪਰੀਆਂ ਕਤਲ ਦੀਆਂ ਵਾਰਦਾਤਾਂ ਸਬੰਧੀ ਪੁਲਿਸ ਵੱਲੋਂ ਵੱਖ-ਵੱਖ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ। ਬੱਸ ਅੱਡਾ ਤਰਨਤਾਰਨ ਵਾਲੇ ਜਗਜੀਤ ਸਿੰਘ ਕਤਲਕਾਂਡ, ਪਹੂਵਿੰਡ ਦੇ ਦੋਹਰੇ ਕਤਲਕਾਂਡ ਅਤੇ ਝਬਾਲ ਵਿਖੇ ਦੋ ਭਰਾਵਾਂ ਦੇ ਕਤਲ ਮਾਮਲੇ ਵਿਚ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਦਿਆਂ ਮਾਮਲੇ ਦਰਜ ਕਰ ਲਏ ਅਤੇ ਗ੍ਰਿਫ਼ਤਾਰੀਆਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਤਪਾਲ ਸਿੰਘ ਪਾਲਾ ਅਤੇ ਲਵਜੀਤ ਸਿੰਘ ਨਾਲ ਸਬੰਧਤ ਕਤਲ ਮਾਮਲੇ ਵਿਚ ਵੀ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਵਾਰਦਾਤਾਂ ਦੀ ਆਪਸੀ ਕੜੀ ਅਤੇ ਬਦਲੇ ਦੀ ਕਾਰਵਾਈ ਸਮੇਤ ਹੋਰ ਪੱਖਾਂ ਨੂੰ ਖੰਘਾਲਿਆ ਜਾ ਰਿਹਾ ਹੈ। ਉੱਧਰ ਮਲੀਆ ਕਲਾਂ ਵਿਖੇ ਘਰ ਵਿਚ ਦਾਖਲ ਹੋ ਕੇ ਔਰਤ ਦੀ ਮੌਤ ਦੇ ਮਾਮਲੇ ’ਚ ਪੁਲਿਸ ਲਈ ਚੁਣੌਤੀ ਵਧੇਰੇ ਹੈ, ਕਿਉਂਕਿ ਇਸ ਵਿਚ ਅਜੇ ਤਕ ਅਣਪਛਾਤੇ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ।