ਦੀਵਾਲੀ ਵਾਲੇ ਦਿਨ ਅੱਗ ਦੀ ਲਪੇਟ ’ਚ ਆਏ ਨੌਜਵਾਨ ਦੀ ਮੌਤ
ਦੀਵਾਲੀ ਵਾਲੇ ਦਿਨ ਅੱਗ ਦੀ ਲਪੇਟ ਵਿਚ ਆਏ ਨੌਜਵਾਨ ਦੀ ਪੀਜੀਆਈ ਵਿਖੇ ਮੌਤ
Publish Date: Sat, 14 Nov 2026 05:41 PM (IST)
Updated Date: Sat, 14 Nov 2026 05:42 PM (IST)
ਪੁਸ਼ਪਿੰਦਰ ਗੋਲੀਆ, ਪੰਜਾਬੀ ਜਾਗਰਣ,ਘਨੌਲੀ : ਨੇੜਲੇ ਪਿੰਡ ਥਲੀ ਖੁਰਦ ਵਿਖੇ ਦੀਵਾਲੀ ਵਾਲੇ ਦਿਨ ਵਾਪਰੇ ਅੱਗ ਲੱਗਣ ਦੇ ਦਰਦਨਾਕ ਹਾਦਸੇ ’ਚ ਬੁਰੀ ਤਰ੍ਹਾਂ ਝੁਲਸੇ ਨੌਜਵਾਨ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਵਾਲੇ ਦਿਨ ਤੜਕਸਾਰ ਕਰੀਬ ਤਿੰਨ ਵਜੇ ਪਿੰਡ ਵਾਸੀ ਅਮਰਜੀਤ ਸਿੰਘ ਕਾਲਾ ਪੁੱਤਰ ਬੰਤਾ ਸਿੰਘ ਦੇ ਘਰ ਅਚਾਨਕ ਅੱਗ ਲੱਗ ਗਈ ਸੀ। ਇਸ ਦੌਰਾਨ ਗੈਸ ਸਿਲੰਡਰ ਫਟਣ ਕਾਰਨ ਘਰ ਦਾ ਸਾਰਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਇਸ ਭਿਆਨਕ ਹਾਦਸੇ ’ਚ ਅਮਰਜੀਤ ਸਿੰਘ ਕਾਲਾ ਦਾ ਨੌਜਵਾਨ ਪੁੱਤਰ ਬਰਿੰਦਰ ਸਿੰਘ ਵਿੱਕੀ ਵੀ ਅੱਗ ਦੀ ਲਪੇਟ ’ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਸੀ, ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਉਹ ਕਈ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਵਿਚਕਾਰ ਜੰਗ ਲੜ ਰਿਹਾ ਸੀ, ਪਰੰਤੂ ਬੀਤੇ ਦਿਨ ਇਲਾਜ ਦੌਰਾਨ ਉਸ ਨੇ ਬਰਿੰਦਰ ਸਿੰਘ ਨੇ ਜ਼ਖਮਾਂ ਦੀ ਪੀੜਾ ਨਾ ਸਹਾਰਦੇ ਹੋਇਆਂ ਦਮ ਤੋੜ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ, ਇੱਕ ਮਾਸੂਮ ਬੱਚੀ, ਮਾਤਾ-ਪਿਤਾ ਅਤੇ ਭੈਣ ਨੂੰ ਛੱਡ ਗਿਆ ਹੈ। ਇਸ ਨੌਜਵਾਨ ਦੀ ਬੇਵਕਤੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਿੰਡ ਥਲੀ ਖੁਰਦ ’ਚ ਮਾਤਮ ਛਾਇਆ ਹੋਇਆ ਹੈ।