ਸ਼ੱਕੀ ਹਾਲਾਤਾਂ ’ਚ ਨੌਜਵਾਨ ਦਾ ਕਤਲ, ਇੱਕ ਜਖਮੀ ਰੂਪਨਗਰ ਵਿਚ ਸ਼ੱਕੀ ਹਲਾਤ ਵਿਚ ਨੌਜਵਾਨ ਦਾ ਕਤਲ, ਇੱਕ ਜਖਮੀ
Publish Date: Thu, 15 Oct 2026 05:14 PM (IST)
Updated Date: Thu, 15 Oct 2026 05:15 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸ਼ਹਿਰ ਦੇ ਵਾਰਡ ਨੰਬਰ 4 ’ਚ ਇੱਕ 16 ਸਾਲਾ ਨੌਜਵਾਨ ਮਹਿਕਦੀਪ ਪੁੱਤਰ ਦੇਸ਼ ਦੀਪਕ ਵਾਸੀ ਸੁਖਰਾਮ ਪੁਰ ਟੱਪਰੀਆਂ ਦਾ ਸ਼ੱਕੀ ਹਾਲਾਤਾਂ ’ਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਦ ਕਿ ਇਕ ਨੌਜਾਵਾਨ ਗੰਭੀਰ ਵੀ ਰੂਪ ’ਚ ਜਖ਼ਮੀ ਹੋਣ ’ਤੇ ਸਿਵਲ ਹਸਪਤਾਲ ਰੂਪਨਗਰ ਵਿਖੇ ਜੇਰੇ ਇਲਾਜ ਹੈ। ਮ੍ਰਿਤਕ ਲੜਕੇ ਦੀ ਮਾਤਾ ਕਮਲਜੀਤ ਕੌਰ ਨੇ ਕਿਹਾ ਕਿ ਮੇਰੇ ਪੁੱਤਰ ਮਾਹਿਕਦੀਪ ਦਾ ਕਤਲ ਹੋਇਆ ਨਾ ਕਿ ਕੋਈ ਐਕਸੀਡੈਂਟ। ਉਨ੍ਹਾਂ ਦੱਸਿਆ ਕਿ ਮੇਰਾ ਪੁੱਤਰ ਬਾਰਵੀਂ ਜਮਾਤ ਮੈਡੀਕਲ ਨਾਲ ਕਰ ਰਿਹਾ ਸੀ ਤੇ ਰੈਸਲਰ ਵੀ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਲੜਕਾ ਅਤੇ ਲੜਕੇ ਦਾ ਦੋਸਤ ਉਨ੍ਹਾਂ ਦੇ ਘਰ ਆਏ ਸਨ ਅਤੇ ਇਕੱਠੇ ਹੀ ਘਰੋਂ ਨਿਕਲੇ ਸਨ। ਉਨ੍ਹਾਂ ਕਿਹਾ ਕਿ ਘਰੋਂ ਨਿਕਲਣ ਤੋਂ ਅੱਧਾ ਘੰਟਾ ਬਾਅਦ ਹੀ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਤੁਹਾਡਾ ਲੜਕਾ ਉੱਥੇ ਜਖ਼ਮੀ ਹਾਲਤ ’ਚ ਪਿਆ ਹੈ ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਲੜਕੇ ਦੇ ਸਿਰ ’ਤੇ ਡੂੰਘੇ ਕੱਟ ਲੱਗੇ ਹੋਏ ਸਨ ਅਤੇ ਇੱਕ ਕੱਟ ਉਸ ਦੇ ਲੱਕ ’ਤੇ ਲੱਗਾ ਹੋਇਆ ਸੀ ਅਤੇ ਉਸ ਦਾ ਦੋਸਤ ਕੋਲ ਖੜਾ ਸੀ। ਇਸ ਲਈ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ।ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ। ਉੱਧਰ ਹਸਪਤਾਲ ’ਚ ਜ਼ੇਰੇ ਇਲਾਜ਼ ਜੈਨ ਮਹੱਲਾ ਵਾਸੀ ਹਰਸ਼ਲ ਵਿੱਜ ਨੇ ਕਿਹਾ ਕਿ ਉਹ ਆਪਣੇ ਦੋਸਤ ਮਾਹਿਕਦੀਪ ਨਾਲ ਉਨ੍ਹਾਂ ਦੇ ਘਰ ਤੋਂ ਆਏ ਸਨ ਥੋੜੀ ਦੂਰ ਆ ਕੇ ਪਿਛਲੇ ਪਾਸੇ ਤੋਂ ਕਿਸੇ ਚੀਜ਼ ਨੇ ਟੱਕਰ ਮਾਰੀ ਮੈ ਤਾਂ ਬੇਹੋਸ਼ ਹੋ ਗਿਆ ਹਸਪਤਾਲ ਆਕੇ ਹੋਸ਼ ਆਈ ਸੀ। ਉੱਧਰ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਸਲਰ ਪਰਮਜੀਤ ਸਿੰਘ ਮੱਕੜ ਤੇ ਵਾਰਡ ਨੰਬਰ 4 ਦੇ ਕੌਸਲਰ ਗੁਰਬਿੰਦਰ ਸਿੰਘ ਬਾਵਾ ਨੇ ਦੱਸਿਆ ਕਿ ਐਕਸੀਡੈਂਟ ਨਹੀਂ ਇਹ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਕੀਤਾ ਜਾਵੇ ਤਾਂ ਕਿ ਸਹੀ ਕਾਰਨ ਪਤਾ ਲੱਗ ਸਕੇ। ਮਾਮਲੇ ਦੀ ਜਾਣਕਾਰੀ ਦਿੰਦਿਆ ਸਿਟੀ ਪੁਲਿਸ ਦੇ ਮੁਖੀ ਪਵਨ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਵੱਖ-ਵੱਖ ਪਹਿਲੂਆਂ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਦੀ ਮਾਤਾ ਕਮਲਜੀਤ ਕੌਰ ਦੇ ਬਿਆਨਾਂ ਦੇ ਅਧਾਰ ‘ਤੇ ਜਖ਼ਮੀ ਹਰਸ਼ਲ ਵਿਜ ’ਤੇ ਪਰਚਾ ਦਰਜ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।