ਇਸ਼ੂਪਾਲ ਚੌਧਰੀ ਨੂੰ ਹੰਸ ਰਾਜ ਹੰਸ ਵੱਲੋਂ ਵਿਸ਼ੇਸ਼ ਸਨਮਾਨ
ਰੂਪਨਗਰ ਦੇ ਨੌਜਵਾਨ ਭਾਜਪਾ ਆਗੂ ਇਸ਼ੂਪਾਲ ਚੌਧਰੀ ਨੂੰ ਹੰਸ ਰਾਜ ਹੰਸ ਵੱਲੋਂ ਵਿਸ਼ੇਸ਼ ਸਨਮਾਨ
Publish Date: Tue, 24 Feb 2026 03:45 PM (IST)
Updated Date: Tue, 24 Feb 2026 03:49 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਰੂਪਨਗਰ ਦੇ ਸਰਗਰਮ ਨੌਜਵਾਨ ਭਾਜਪਾ ਆਗੂ ਇਸ਼ੂਪਾਲ ਚੌਧਰੀ ਨੇ ਹਾਲ ਹੀ ਵਿਚ ਸਾਬਕਾ ਸੰਸਦ ਮੈਂਬਰ, ਪਦਮ ਸ਼੍ਰੀ ਸਨਮਾਨੀ ਅਤੇ ਪ੍ਰਸਿੱਧ ਗਾਇਕ ਹੰਸਰਾਜ ਹੰਸ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਹ ਮੁਲਾਕਾਤ ਸਨਮਾਨ ਅਤੇ ਆਪਸੀ ਵਿਚਾਰ-ਵਟਾਂਦਰੇ ਦੇ ਮਾਹੌਲ ਵਿਚ ਸੰਪੰਨ ਹੋਈ, ਜਿਸ ਦੌਰਾਨ ਖੇਤਰ ਅਤੇ ਸਮਾਜ ਨਾਲ ਜੁੜੇ ਅਹਿਮ ਮਸਲਿਆਂ ‘ਤੇ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਹੰਸ ਰਾਜ ਹੰਸ ਵੱਲੋਂ ਇਸ਼ੂਪਾਲ ਚੌਧਰੀ ਨੂੰ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਦੇ ਮੱਦੇਨਜ਼ਰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਹੰਸ ਨੇ ਕਿਹਾ ਕਿ ਇਸ਼ੂਪਾਲ ਚੌਧਰੀ ਵਰਗੇ ਨੌਜਵਾਨ ਆਗੂਆਂ ਦੀ ਅੱਜ ਦੇ ਸਮੇਂ ਦੀ ਲੋੜ ਹਨ, ਜੋ ਰਾਜਨੀਤੀ ਨੂੰ ਲੋਕ ਸੇਵਾ ਨਾਲ ਜੋੜਦੇ ਹੋਏ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਚੌਧਰੀ ਵੱਲੋਂ ਜਰੂਰਤਮੰਦ ਪਰਿਵਾਰਾਂ ਦੀ ਸਹਾਇਤਾ, ਸਮਾਜਿਕ ਮੁੱਦਿਆਂ ‘ਤੇ ਸਰਗਰਮ ਭੂਮਿਕਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ ਮੁਹਿੰਮਾਂ ਅਤੇ ਖੇਤਰ ਵਿਚ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਾਬਿਲ-ਏ-ਤਾਰੀਫ ਹਨ। ਹੰਸ ਰਾਜ ਹੰਸ ਨੇ ਕਿਹਾ ਕਿ ਜੇਕਰ ਇਸ਼ੂਪਾਲ ਚੌਧਰੀ ਇਸੇ ਜਜ਼ਬੇ ਨਾਲ ਲੋਕ ਸੇਵਾ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਖੇਤਰ ਨੂੰ ਹੋਰ ਤਰੱਕੀ ਮਿਲੇਗੀ। ਉਨ੍ਹਾਂ ਨੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਇਸ਼ੂਪਾਲ ਚੌਧਰੀ ਨੇ ਹੰਸ ਰਾਜ ਹੰਸ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮਿਲਿਆ ਸਨਮਾਨ ਉਨ੍ਹਾਂ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਹੰਸ ਰਾਜ ਹੰਸ ਨੂੰ ਦੇਸ਼ ਦੀ ਬੁਲੰਦ ਆਵਾਜ਼ ਅਤੇ ਲੋਕਾਂ ਦੇ ਦਿਲਾਂ ‘ਚ ਵੱਸਦੇ ਨੇਤਾ ਵਜੋਂ ਸਲਾਮ ਕਰਦਿਆਂ ਕਿਹਾ ਕਿ ਉਹ ਸੰਗੀਤ ਦੇ ਨਾਲ-ਨਾਲ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।