‘ਸਾਡੇ ਬਜ਼ੁਰਗ ਸਾਡਾ ਮਾਣ’ ਯੋਗਾ ਕੈਂਪ ਲਗਾਇਆ
‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਮਾਤਾ ਸਤਿਆ ਦੇਵੀ ਬਿਰਧ ਆਸ਼ਰਮ ਵਿਖੇ ਯੋਗਾ ਕੈਂਪ ਲਗਾਇਆ
Publish Date: Fri, 20 Nov 2026 03:13 PM (IST)
Updated Date: Fri, 20 Nov 2026 03:16 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਮਾਤਾ ਸਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜ਼ਨ ਹੋਮ, ਸ੍ਰੀ ਚਮਕੌਰ ਸਾਹਿਬ ਵਿਖੇ ਆਯੁਰਵੈਦਿਕ ਤੇ ਯੂਨਾਨੀ ਵਿਭਾਗ, ਰੂਪਨਗਰ ਵੱਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਤਹਿਤ ਵਿਸ਼ੇਸ਼ ਯੋਗਾ ਤੇ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਕੁਸਮ ਗੁਪਤਾ ਨੇ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ, ਨਿਯਮਤ ਯੋਗ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਸੁਝਾਅ ਦਿੱਤੇ। ਯੋਗਾ ਟ੍ਰੇਨਰ ਹਰਦੀਪ ਸਿੰਘ ਵੱਲੋਂ ਬਜ਼ੁਰਗਾਂ ਨੂੰ ਵੱਖ-ਵੱਖ ਯੋਗ ਆਸਣ ਤੇ ਪ੍ਰਾਣਾਯਾਮ ਕਰਵਾਏ ਗਏ। ਇਸ ਦੌਰਾਨ ਡਾ. ਵਰਿੰਦਰ ਮੋਹਨ ਪੁਹਾਲ, ਡਾ. ਗੁਰਪ੍ਰੀਤ ਕੌਰ (ਆਯੁਰਵੈਦਿਕ ਮੈਡੀਕਲ ਅਫ਼ਸਰ) ਤੇ ਸਚਿਨ ਜੋਸ਼ੀ (ਸੁਪਰਡੈਂਟ) ਵੀ ਮੌਜੂਦ ਸਨ। ਵਿਭਾਗ ਦੀ ਟੀਮ ਵੱਲੋਂ ਬਜ਼ੁਰਗਾਂ ਨੂੰ ਆਯੁਰਵੈਦਿਕ ਦਵਾਈਆਂ ਤੇ ਯੋਗਾ ਮੈਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਪ੍ਰੋ. ਆਰਸੀ. ਢੰਡ ਤੇ ਸਮੂਹ ਸਟਾਫ਼ ਵੱਲੋਂ ਆਈ ਹੋਈ ਟੀਮ ਦਾ ਨਿੱਘਾ ਸਵਾਗਤ ਤੇ ਧੰਨਵਾਦ ਕੀਤਾ ਗਿਆ। ਪ੍ਰੋ. ਢੰਡ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਸਰਮਾਇਆ ਹਨ ਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਖੁਸ਼ਹਾਲ ਜੀਵਨ ਲਈ ਅਜਿਹੇ ਉਪਰਾਲੇ ਬਹੁਤ ਸ਼ਲਾਘਾਯੋਗ ਹਨ।