ਸ੍ਰੀ ਚਮਕੌਰ ਸਾਹਿਬ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਐਸਡੀਐਚ ਸ੍ਰੀ ਚਮਕੌਰ ਸਾਹਿਬ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ
Publish Date: Sun, 11 Oct 2026 06:14 PM (IST)
Updated Date: Sun, 11 Oct 2026 06:14 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਸਬ-ਡਿਵੀਜ਼ਨਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਟੰਡਨ ਨੇ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ। ਤੰਦਰੁਸਤ ਮਨ ਹੀ ਵਿਅਕਤੀ ਨੂੰ ਆਪਣੀ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ, ਸਹੀ ਫ਼ੈਸਲੇ ਲੈਣ ਅਤੇ ਪਰਿਵਾਰ ਤੇ ਸਮਾਜ ਨਾਲ ਚੰਗੇ ਸਬੰਧ ਬਣਾਈ ਰੱਖਣ ’ਚ ਮਦਦ ਕਰਦਾ ਹੈ। ਡਾ.ਟੰਡਨ ਨੇ ਕਿਹਾ ਕਿ ਅੱਜ ਦੇ ਰੁਝੇਵਿਆਂ ਭਰੇ ਜੀਵਨ ’ਚ ਕੰਮ ਦਾ ਦਬਾਅ, ਪਰਿਵਾਰਕ ਸਮੱਸਿਆਵਾਂ, ਆਰਥਿਕ ਚਿੰਤਾਵਾਂ, ਇਕੱਲਾਪਣ ਅਤੇ ਨੀਂਦ ਦੀ ਕਮੀ ਕਾਰਨ ਕਈ ਲੋਕ ਮਾਨਸਿਕ ਤਣਾਅ ਦਾ ਸਾਹਮਣਾ ਕਰਦੇ ਹਨ। ਜੇਕਰ ਲੰਬੇ ਸਮੇਂ ਤੱਕ ਉਦਾਸੀ, ਘਬਰਾਹਟ, ਚਿੜਚਿੜਾਪਣ, ਨੀਂਦ ਨਾ ਆਉਣਾ, ਕਿਸੇ ਕੰਮ ’ਚ ਮਨ ਨਾ ਲੱਗਣਾ ਜਾਂ ਹਰ ਸਮੇਂ ਚਿੰਤਾ ਰਹਿਣ ਵਰਗੇ ਲੱਛਣ ਮਹਿਸੂਸ ਹੋਣ ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅਜਿਹੀ ਸਥਿਤੀ ’ਚ ਸਿਹਤ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਮੌਕੇ ਤੇ ਹਰਵਿੰਦਰ ਸਿੰਘ ਬੀ.ਈ.ਈ ਨੇ ਕਿਹਾ ਕਿ ਮਾਨਸਿਕ ਬਿਮਾਰੀਆਂ ਬਾਰੇ ਸਮਾਜ ’ਚ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਸਮੇਂ ਦੀ ਲੋੜ ਹੈ। ਮਾਨਸਿਕ ਸਮੱਸਿਆਵਾਂ ਤੋਂ ਪੀੜਤ ਵਿਅਕਤੀ ਨਾਲ ਪਿਆਰ, ਸਤਿਕਾਰ ਅਤੇ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਕਿਸੇ ਵੀ ਵਿਅਕਤੀ ਨੂੰ ਉਸਦੀ ਮਾਨਸਿਕ ਸਥਿਤੀ ਕਾਰਨ ਮਜ਼ਾਕ ਦਾ ਪਾਤਰ ਨਹੀਂ ਬਣਾਉਣਾ ਚਾਹੀਦਾ। ਸਮੇਂ ਸਿਰ ਸਲਾਹ ਅਤੇ ਇਲਾਜ ਨਾਲ ਕਈ ਮਾਨਸਿਕ ਸਮੱਸਿਆਵਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਰੋਜ਼ਾਨਾ ਕਸਰਤ, ਯੋਗਾ, ਸੰਤੁਲਿਤ ਖੁਰਾਕ, ਪੂਰੀ ਨੀਂਦ ਅਤੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਉਣ ਦੀ ਸਲਾਹ ਦਿੱਤੀ। ਇਸ ਮੌਕੇ ਤੇ ਨਾਗਰ ਸਿੰਘ,ਕੁਲਵੀਰ ਸਿੰਘ,ਲਖਵੀਰ ਸਿੰਘ,ਸਰਬਜੀਤ ਕੌਰ,ਬਖਸ਼ਿੰਦਰ ਕੌਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ।