ਕੱਪੜਿਆਂ ਦੀ ਦੁਕਾਨ ਤੋਂ ਪੈਸਿਆਂ ਨਾਲ ਭਰਿਆ ਪਰਸ ਚੋਰੀ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਪਰਸ ਚੋਰੀ ਕਰਨ ਵਾਲੀਆਂ ਔਰਤਾਂ।
Publish Date: Sun, 01 Nov 2026 05:04 PM (IST)
Updated Date: Sun, 01 Nov 2026 05:05 PM (IST)
ਦੋ ਔਰਤਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ’ਚ ਕੈਦ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਨੰਗਲ ਦੀ ਅੱਡਾ ਮਾਰਕੀਟ ਵਿਖੇ ਦਿਨ-ਦਿਹਾੜੇ ਗਾਹਕਾਂ ਨਾਲ ਭਰੀ ਕੱਪੜਿਆਂ ਦੀ ਦੁਕਾਨ ਵਿੱਚੋਂ ਦੋ ਔਰਤਾਂ ਵੱਲੋਂ ਇੱਕ ਮਹਿਲਾ ਗਾਹਕ ਦਾ ਪੈਸਿਆਂ ਨਾਲ ਭਰਿਆ ਪਰਸ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਘਟਨਾ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਪੀੜਤ ਮਹਿਲਾ ਦੇ ਰਿਸ਼ਤੇਦਾਰਾਂ ਵੱਲੋਂ ਇਸ ਸਬੰਧੀ ਨੰਗਲ ਪੁਲਿਸ ਕੋਲ ਸ਼ਿ਼ਕਾਇਤ ਦਰਜ ਕਰਵਾਈ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਆਹਾਂ ਤੇ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਇਨ੍ਹੀਂ ਦਿਨੀਂ ਬਾਜ਼ਾਰਾਂ ਅਤੇ ਦੁਕਾਨਾਂ ’ਚ ਗਾਹਕਾਂ ਦੀ ਕਾਫ਼ੀ ਭੀੜ ਰਹਿੰਦੀ ਹੈ। ਇਸੇ ਭੀੜ ਦਾ ਫਾਇਦਾ ਉਠਾਉਂਦਿਆਂ ਦੋ ਔਰਤਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਊਸ਼ਾ ਰਾਣੀ ਨੇ ਦੱਸਿਆ ਕਿ ਉਹ ਟਾਹਲੀਵਾਲ ਤੋਂ ਆਪਣੇ ਰਿਸ਼ਤੇਦਾਰਾਂ ਨਾਲ ਨੰਗਲ ਦੀ ਅੱਡਾ ਮਾਰਕੀਟ ਸਥਿਤ ਰਾਹੁਲ ਕਲਾਥ ਹਾਊਸ ਵਿਖੇ ਕੱਪੜਿਆਂ ਦੀ ਖਰੀਦਦਾਰੀ ਕਰਨ ਆਈ ਸੀ। ਇਸ ਦੌਰਾਨ ਦੋ ਔਰਤਾਂ ਆਪਣੇ ਦੋ ਬੱਚਿਆਂ ਸਮੇਤ ਦੁਕਾਨ ’ਚ ਦਾਖ਼ਲ ਹੋਈਆਂ। ਖਰੀਦਦਾਰੀ ਦੌਰਾਨ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਕਤ ਔਰਤਾਂ ਉਨ੍ਹਾਂ ਦਾ ਪਰਸ ਚੋਰੀ ਕਰਕੇ ਲੈ ਗਈਆਂ। ਜਦੋਂ ਉਨ੍ਹਾਂ ਨੇ ਦੁਕਾਨਦਾਰ ਨੂੰ ਖਰੀਦੇ ਗਏ ਕੱਪੜਿਆਂ ਦੇ ਪੈਸੇ ਦੇਣ ਲਈ ਆਪਣਾ ਪਰਸ ਲੱਭਿਆ ਤਾਂ ਉਹ ਗਾਇਬ ਸੀ। ਊਸ਼ਾ ਰਾਣੀ ਨੇ ਦੱਸਿਆ ਕਿ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਦੋਵੇਂ ਔਰਤਾਂ ਪਰਸ ਲੈ ਕੇ ਜਾਂਦੀਆਂ ਦਿਖਾਈ ਦਿੱਤੀਆਂ। ਉਨ੍ਹਾਂ ਦੀਆਂ ਤਸਵੀਰਾਂ ਅਤੇ ਚੋਰੀ ਦੀ ਪੂਰੀ ਘਟਨਾ ਕੈਮਰਿਆਂ ’ਚ ਕੈਦ ਹੋ ਗਈ ਹੈ। ਇਸ ਸਬੰਧੀ ਨੰਗਲ ਥਾਣੇ ਦੇ ਮੁਖੀ ਇੰਸਪੈਕਟਰ ਦਾਨਿਸ਼ਵੀਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰੀ ਕਰਨ ਵਾਲੀਆਂ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਜ਼ਾਰਾਂ ’ਚ ਖਰੀਦਦਾਰੀ ਕਰਦੇ ਸਮੇਂ ਆਪਣੇ ਪਰਸ ਤੇ ਹੋਰ ਕੀਮਤੀ ਸਾਮਾਨ ਦਾ ਖ਼ਾਸ ਧਿਆਨ ਰੱਖਣ।