ਸਾਜ਼ਿਸ਼ ਤਹਿਤ ਰੋਪੜ ਜ਼ਿਲ੍ਹੇ ਦੀਆਂ ਔਰਤਾਂ ਨੂੰ ਕੀਤਾ ਜਾ ਰਿਹਾ ਬਦਨਾਮ : ਕੁਲਵਿੰਦਰ ਕੌਰ ਸਾਜ਼ਿਸ਼ ਤਹਿਤ ਰੋਪੜ ਜ਼ਿਲ੍ਹੇ ਦੀਆਂ ਔਰਤਾਂ ਨੂੰ ਕੀਤਾ ਜਾ ਰਿਹਾ ਬਦਨਾਮ : ਕੁਲਵਿੰਦਰ ਕੌਰ
Publish Date: Sun, 06 Sep 2026 04:52 PM (IST)
Updated Date: Sun, 06 Sep 2026 04:55 PM (IST)
ਰੋਪੜ ਜ਼ਿਲ੍ਹੇ ਦੀਆਂ ਔਰਤਾਂ ਨੂੰ ਕੀਤਾ ਜਾ ਰਿਹਾ ਬਦਨਾਮ : ਕੁਲਵਿੰਦਰ ਕੌਰ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾਂ ਪ੍ਰਧਾਨ ਕੁਲਵਿੰਦਰ ਕੌਰ ਨੇ ਦੋਸ਼ ਲਗਾਇਆ ਹੈ ਕਿ ਇਕ ਵੱਡੀ ਸਾਜ਼ਿਸ਼ ਤਹਿਤ ਰੋਪੜ ਜ਼ਿਲ੍ਹੇ ਦੀਆਂ ਔਰਤਾਂ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ’ਤੇ ਕੁਝ ਅਜਿਹੀਆਂ ਪੋਸਟਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਰਾਹੀਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਰੋਪੜ ਜ਼ਿਲ੍ਹੇ ’ਚ ਸਭ ਤੋਂ ਵੱਧ ਸ਼ਰਾਬ ਪੀਣ ਵਾਲੀਆਂ ਔਰਤਾਂ ਹਨ, ਜੋ ਕਿ ਬੇਹੱਦ ਇਤਰਾਜ਼ਯੋਗ ਤੇ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੋਸਟਾਂ ’ਚ ਇਕ ਸੰਸਥਾ ਵੱਲੋਂ ਕੀਤੇ ਕਥਿਤ ਸਰਵੇਖਣ ਦਾ ਹਵਾਲਾ ਵੀ ਦਿੱਤਾ ਗਿਆ ਹੈ ਪਰ ਇਨ੍ਹਾਂ ਦਾਅਵਿਆਂ ਦੀ ਸੱਚਾਈ ਤੇ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬਿਨਾਂ ਪੂਰੇ ਤੱਥਾਂ ਤੇ ਪ੍ਰਮਾਣਿਕ ਜਾਣਕਾਰੀ ਦੇ ਕਿਸੇ ਪੂਰੇ ਜ਼ਿਲ੍ਹੇ ਦੀਆਂ ਔਰਤਾਂ ਨੂੰ ਅਜਿਹੇ ਗੰਭੀਰ ਦੋਸ਼ਾਂ ਨਾਲ ਜੋੜਨਾ ਸਮਾਜ ’ਚ ਉਨ੍ਹਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਹਨ ਤੇ ਰੋਪੜ ਜ਼ਿਲ੍ਹੇ ਦੀਆਂ ਔਰਤਾਂ ਨੇ ਹਮੇਸ਼ਾ ਸਮਾਜਿਕ ਬੁਰਾਈਆਂ ਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਪੜ ਜ਼ਿਲ੍ਹੇ ਦਾ ਸ਼ਾਨਾਮੱਤਾ ਤੇ ਕੁਰਬਾਨੀਆਂ ਭਰਿਆ ਇਤਿਹਾਸ ਹੈ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਨਾਲ ਸਬੰਧਤ ਬੀਬੀਆਂ ਨੇ ਵੀ ਇਤਿਹਾਸ ’ਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਔਰਤਾਂ ਨੂੰ ਸਮੂਹਿਕ ਤੌਰ ’ਤੇ ਸ਼ਰਾਬੀ ਕਹਿ ਕੇ ਭੰਡਣਾ ਕਿਸੇ ਵੀ ਕੀਮਤ ’ਤੇ ਸਹਿਣਯੋਗ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸੋਸ਼ਲ ਮੀਡੀਆ ’ਤੇ ਅਜਿਹੇ ਬੇਬੁਨਿਆਦ ਦਾਅਵਿਆਂ ਨੂੰ ਫੈਲਾਉਣ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਤੇ ਰੋਪੜ ਜ਼ਿਲ੍ਹੇ ਦੀਆਂ ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ।