ਪਿੰਡ ਖੁਆਸਪੁਰਾ ਵਿਖੇ ਔਰਤਾਂ ਨੂੰ ਸਿਹਤ, ਸਫ਼ਾਈ ਤੇ ਪੌਸ਼ਟਿਕ ਖੁਰਾਕ ਸਬੰਧੀ ਕੀਤਾ ਜਾਗਰੂਕ ਪਿੰਡ ਖੁਆਸਪੁਰਾ ਵਿਖੇ ਔਰਤਾਂ ਨੂੰ ਸਿਹਤ, ਸਫ਼ਾਈ ਅਤੇ ਪੌਸ਼ਟਿਕ ਖੁਰਾਕ ਸਬੰਧੀ ਕੀਤਾ ਜਾਗਰੂਕ
Publish Date: Sun, 20 Sep 2026 04:12 PM (IST)
Updated Date: Sun, 20 Sep 2026 04:14 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪਿੰਡ ਖੁਆਸਪੁਰਾ ਵਿਖੇ ਸਰਪੰਚ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਔਰਤਾਂ ਨੂੰ ਸਿਹਤ, ਸਾਫ਼-ਸਫ਼ਾਈ, ਸੰਤੁਲਿਤ ਖੁਰਾਕ ਤੇ ਨਿੱਜੀ ਸਿਹਤ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਇਸ ਮੌਕੇ ਸਾਂਝੀ ਸਿੱਖਿਆ ਤੋਂ ਜਸ਼ਨਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (ਐੱਨਆਰਐੱਲਐੱਮ) ਵਿਭਾਗ ਦੀ ਕਮਿਊਨਟੀ ਰਿਸੋਰਸ ਪਰਸਨ ਪਰਮਜੀਤ ਕੌਰ ਵੱਲੋਂ ਪਿੰਡ ਦੀਆਂ ਔਰਤਾਂ ਨਾਲ ਸਿਹਤ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਪਰਮਜੀਤ ਕੌਰ ਨੇ ਔਰਤਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣ ਦੇ ਨਾਲ-ਨਾਲ ਨਿੱਜੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸਾਫ਼-ਸੁਥਰਾ ਵਾਤਾਵਰਣ ਅਤੇ ਨਿੱਜੀ ਸਫ਼ਾਈ ਕਈ ਬਿਮਾਰੀਆਂ ਤੋਂ ਬਚਾਅ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਵੱਲੋਂ ਹੱਥਾਂ ਦੀ ਸਫ਼ਾਈ, ਸਾਫ਼ ਪਾਣੀ ਦੀ ਵਰਤੋਂ, ਘਰਾਂ ਅਤੇ ਆਲੇ-ਦੁਆਲੇ ਕੂੜੇ ਦੀ ਸਹੀ ਸੰਭਾਲ ਅਤੇ ਰੋਜ਼ਾਨਾ ਜੀਵਨ ਵਿਚ ਸਫ਼ਾਈ ਦੀਆਂ ਚੰਗੀਆਂ ਆਦਤਾਂ ਅਪਣਾਉਣ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਔਰਤਾਂ ਨੂੰ ਸੰਤੁਲਿਤ ਤੇ ਪੌਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਖੁਰਾਕ ’ਚ ਹਰੀਆਂ ਸਬਜ਼ੀਆਂ, ਮੌਸਮੀ ਫਲ, ਦਾਲਾਂ, ਅਨਾਜ, ਦੁੱਧ ਤੇ ਹੋਰ ਪੌਸ਼ਟਿਕ ਖਾਧ ਪਦਾਰਥਾਂ ਨੂੰ ਉਚਿਤ ਮਾਤਰਾ ’ਚ ਸ਼ਾਮਲ ਕਰਨਾ ਚਾਹੀਦਾ ਹੈ। ਖ਼ਾਸ ਤੌਰ ’ਤੇ ਔਰਤਾਂ ਤੇ ਲੜਕੀਆਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਲੋਹੇ, ਕੈਲਸ਼ੀਅਮ ਤੇ ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜੀਂਦੀ ਮਾਤਰਾ ਪ੍ਰਾਪਤ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਔਰਤਾਂ ਦੀ ਨਿੱਜੀ ਸਿਹਤ ਤੇ ਮਾਹਵਾਰੀ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾਕਿ ਮਾਹਵਾਰੀ ਦੌਰਾਨ ਨਿੱਜੀ ਸਫ਼ਾਈ ਬਣਾਈ ਰੱਖਣ, ਸਾਫ਼ ਤੇ ਸੁਰੱਖਿਅਤ ਸਾਧਨਾਂ ਦੀ ਵਰਤੋਂ ਕਰਨ, ਉਨ੍ਹਾਂ ਨੂੰ ਸਮੇਂ ਸਿਰ ਬਦਲਣ ਅਤੇ ਵਰਤੇ ਗਏ ਸਾਧਨਾਂ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾਕਿ ਔਰਤਾਂ ਨੂੰ ਸਿਹਤ ਸਬੰਧੀ ਕਿਸੇ ਵੀ ਸਮੱਸਿਆ ਜਾਂ ਸਰੀਰ ਵਿਚ ਹੋਣ ਵਾਲੀ ਅਸਧਾਰਨ ਤਬਦੀਲੀ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਲੋੜ ਪੈਣ ’ਤੇ ਸਿਹਤ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਔਰਤਾਂ ਵੱਲੋਂ ਸਿਹਤ ਅਤੇ ਸਫ਼ਾਈ ਨਾਲ ਸਬੰਧਤ ਵੱਖ-ਵੱਖ ਸਵਾਲ ਵੀ ਪੁੱਛੇ ਗਏ, ਜਿਨ੍ਹਾਂ ਦੇ ਢੁੱਕਵੇਂ ਜਵਾਬ ਦੇ ਕੇ ਉਨ੍ਹਾਂ ਦੀਆਂ ਸ਼ੰਕਾਵਾਂ ਦੂਰ ਕੀਤੀਆਂ ਗਈਆਂ। ਹਾਜ਼ਰ ਔਰਤਾਂ ਨੇ ਇਸ ਜਾਗਰੂਕਤਾ ਗਤੀਵਿਧੀ ਨੂੰ ਲਾਹੇਵੰਦ ਦੱਸਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਔਰਤਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਪ੍ਰਤੀ ਵਧੇਰੇ ਜਾਗਰੂਕ ਹੋਣ ਵਿਚ ਮਦਦ ਮਿਲਦੀ ਹੈ। ਇਸ ਮੌਕੇ ਸੁਰਜੀਤ ਸਿੰਘ, ਕ੍ਰਿਸ਼ੀ ਸਖੀ ਗੁਰਪ੍ਰੀਤ ਕੌਰ, ਮੇਟ ਮਨਪ੍ਰੀਤ ਕੌਰ ਸਮੇਤ ਪਿੰਡ ਦੀਆਂ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।