ਕੋਆਪੇਰਟਿਵ ਸੁਸਾਇਟੀਆਂ ’ਚ ਕੈਸ਼ ਕ੍ਰੈਡਿਟ ਤੇ ਕਿਸਾਨ ਕ੍ਰੈਡਿਟ ਕਾਰਡ ਨੀਤੀ ਵਾਪਸ ਲਵੇ : ਆਗੂ ਕੋਆਪੇਰਟਿਵ ਸੁਸਾਇਟੀਆਂ ਵਿਚ ਕੈਸ਼ ਕ੍ਰੈਡਿਟ ਅਤੇ ਕਿਸਾਨ ਕ੍ਰੈਡਿਟ ਕਾਰਡ ਨੀਤੀ ਵਾਪਸ ਲਵੇ: ਆਗੂ
Publish Date: Tue, 03 Nov 2026 03:38 PM (IST)
Updated Date: Tue, 03 Nov 2026 03:41 PM (IST)
ਜੋਲੀ ਸੂਦ, ਪੰਜਾਬੀ ਜਾਗਰਣ, ਮੋਰਿੰਡਾ : ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੋ ਕਕਰਾਲੀ ਤੇ ਜ਼ਿਲ੍ਰਾ ਸੀਨੀਅਰ ਪ੍ਰਧਾਨ ਜਗਮੀਤ ਸਿੰਘ ਮੁਗਲ ਮਾਜਰੀ ਨੇ ਕਿਹਾ ਕਿ ਸਰਕਾਰ ਵੱਲੋਂ ਕੋਆਪੇ੍ਟਿਵ ਸੁਸਾਈਟੀਆਂ ਨੂੰ ਜੋ ਨਵੇਂ ਹੁਕਮ ਜਾਰੀ ਕੀਤੇ ਗਏ ਉਸ ਦੀ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵੱਲੋਂ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕੋਆਪੇ੍ਟਿਵ ਸੁਸਾਇਟੀਆਂ ’ਚ ਕੈਸ਼ ਕ੍ਰੈਡਿਟ ਤੇ ਕਿਸਾਨ ਕ੍ਰੈਡਿਟ ਕਾਰਡ, ਕੇਸੀਸੀ ਸਬੰਧੀ ਲਾਗੂ ਕੀਤੀ ਜਾ ਰਹੀ ਨਵੀਂ ਨੀਤੀ ਨੂੰ ਕਿਸਾਨਾਂ ਤੇ ਸਹਿਕਾਰੀ ਸੁਸਾਇਟੀਆਂ ਲਈ ਵੱਡਾ ਨੁਕਸਾਨ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਨਵੀਆਂ ਸ਼ਰਤਾਂ ਲਾਗੂ ਹੋਣ ਨਾਲ ਪਹਿਲਾਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਕਿਸਾਨੀ ਤੇ ਹੋਰ ਬੋਝ ਪਵੇਗਾ ਤੇ ਸਹਿਕਾਰੀ ਸੁਸਾਇਟੀਆਂ ਦੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਦੱਸਿਆ ਰਜਿਸਟਰਾਰ ਸਹਿਕਾਰੀ ਸਭਾਵਾਂ ਚੰਡੀਗੜ੍ਹ ਵੱਲੋਂ ਜਾਰੀ ਪੱਤਰ ਅਨੁਸਾਰ ਸਾਲ 2026,27 ਲਈ ਅਥੋੜੇ ਸਮੇਂ ਦੇ ਫਸਲੀ ਕਰਜ਼ਿਆਂ ਸਬੰਧੀ ਅਸਕੇਲ ਆਫ ਫਾਈਨਾਂਸ ਨਿਰਧਾਰਤ ਕੀਤਾ ਗਿਆ ਹੈ। ਜਿਵੇਂ ਕਿ 24 ਜੂਨ ਨੂੰ ਜਾਰੀ ਕੀਤੇ ਹੁਕਮਾਂ ਅਨੁਸਾਰ 2 ਲੱਖ ਰੁਪਏ ਤੱਕ ਦਾ ਕਰਜ਼ਾ ਲੈਣ ਵਾਲੇ ਕਿਸਾਨਾਂ ਦੀ ਜ਼ਮੀਨ ਪਲੱਜ ਕਰਨੀ ਪਵੇਗੀ। ਆਗੂ ਸਾਹਿਬਾਨਾਂ ਦਾ ਕਹਿਣਾ ਹੈ ਪਹਿਲਾਂ ਲਏ ਕਰਜੇ ਤੇ ਸੱਤ ਫੀਸਦੀ ਵਿਆਜ ਲੱਗਦਾ ਸੀ ਜਿਸ ’ਚ ਤਿੰਨ ਫੀਸਦੀ ਸਬਸਿਡੀ ਮਿਲਣ ਕਾਰਨ ਕਿਸਾਨ ਨੂੰ ਚਾਰ ਫਿਸਦੀ ਵਿਆਜ ਦੇਣਾ ਪੈਂਦਾ ਸੀ ਨਵੀਂ ਨੀਤੀ ਤਹਿਤ ਜੇ ਕਿਸਾਨ ਦੀ ਕਿਸੇ ਵੀ ਬੈਂਕ ’ਚ ਹੋਰ ਕਰਜ਼ਾ ਲਿਮਿਟ ਬਣੀ ਹੋਈ ਹੈ ਤਾਂ ਉਸ ਨੂੰ ਸੁਸਾਇਟੀ ਦੇ ਕਰਜੇ ਤੇ ਸਬਸਿਡੀ ਨਹੀਂ ਮਿਲੇਗੀ ਤੇ ਵਿਆਜ ਦਰ 11 ਫੀਸਦੀ ਲੱਗੇਗੀ। ਆਗੂਆਂ ਨੇ ਕਿਹਾ ਕਿ ਜਥੇਬੰਦੀ ਦਾ ਕਹਿਣਾ ਹੈ ਕਿ ਪਹਿਲਾਂ ਇਕ ਲੱਖ ਰੁਪਏ ਦੇ ਕਰਜ਼ੇ ਤੇ ਤਿੰਨ ਫੀਸਦੀ ਹਿੱਸੇਦਾਰੀ ਦੇਣੀ ਪੈਂਦੀ ਸੀ ਪਰ ਹੁਣ ਪੰਜ ਏਕੜ ਤੱਕ ਜਮੀਨ ਵਾਲੇ ਕਿਸਾਨਾਂ ਲਈ ਇਹ ਛੇ ਫੀਸਦੀ ਤੇ ਪੰਜ ਏਕੜ ਤੋਂ ਵੱਧ ਜਮੀਨ ਵਾਲਿਆਂ ਲਈ 9 ਫੀਸਦੀ ਹਿੱਸੇਦਾਰੀ ਦੇਣੀ ਪਵੇਗੀ। ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਸੁਸਾਇਟੀ ਤੇ ਕਿਸਾਨ ਵਿਰੋਧੀ ਸਰਕੂਲਰ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮਿਲ ਰਹੀ ਰਾਹਤ ਜਾਰੀ ਰੱਖੀ ਜਾਵੇ ਤੇ ਪਹਿਲਾਂ ਦੀ ਤਰ੍ਹਾਂ ਹੀ ਡੀਏਪੀ, ਯੂਰੀਆ ਖਾਦ, ਤੇ ਹੋਰ ਸਮਾਨ ਕਿਸਾਨਾਂ ਨੂੰ ਦਿੱਤੇ ਜਾਣ ਤੇ ਇਸ ਨਵੀ ਪੋਲਸੀ ਦੇ ਵਿਰੋਧ ’ਚ 26 ਅਕਤੂਬਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਡੀਸੀ ਦਫਤਰ ਅੱਗੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਹੋਰ ਜਥੇਬੰਦੀਆਂ ਵੱਲੋਂ ਚਾਰ ਘੰਟੇ ਧਰਨਾ ਲਾ ਕੇ ਵਿਰੋਧ ਜਤਾਇਆ ਗਿਆ। ਆਉਣ ਵਾਲੇ ਦਿਨਾਂ ’ਚ ਇਸ ਪਾਲਸੀ ਵਿਰੁੱਧ ਲੜਾਈ ਹੋਰ ਤੇਜ਼ ਕੀਤੀ ਜਾਵੇਗੀ। ਇਸ ਮੌਕੇ ਜ਼ਿਲਾ ਪ੍ਰਧਾਨ ਮਲਕੀਤ ਸਿੰਘ ਸੇਖੋਂ ਕਕਰਾਲੀ, ਜਗਮੀਤ ਸਿੰਘ ਮੁਗ਼ਲ ਮਾਜਰੀ, ਭੁਪਿੰਦਰ ਸਿੰਘ ਡੇਕਵਾਲਾ, ਗੁਰਦੀਪ ਸਿੰਘ ਕਕਰਾਲੀ, ਜਰਨੈਲ ਸਿੰਘ ਗੋਗੀ ਬੂਰਜਵਾਲਾ, ਸੁਰਮੁੱਖ ਸਿੰਘ ਮੀਆਂਪੁਰ, ਜਸਵੀਰ ਸਿੰਘ ਭਾਗੋਮਾਜਰਾ ਆਦਿ ਹਾਜ਼ਰ ਸਨ।