ਝੋਨੇ ਦਾ ਸੀਜ਼ਨ ਸਿਰ ’ਤੇ ਰੂਪਨਗਰ ਤੇ ਚਮਕੌਰ ਸਾਹਿਬ ਮੰਡੀ ’ਚ ਪਈ ਕਣਕ ਸਰਕਾਰ ਦੀ ਨਾਲਾਇਕੀ: ਗੁਰੀ ਗਿੱਲ ਝੋਨੇ ਦਾ ਸੀਜ਼ਨ ਸਿਰ ‘ਤੇ ਰੂਪਨਗਰ ਤੇ ਚਮਕੌਰ ਸਾਹਿਬ ਮੰਡੀ ਵਿਚ ਪਈ ਕਣਕ ਸਰਕਾਰ ਦੀ ਨਲਾਇਕੀ: ਗੁਰੀ ਗਿੱਲ
Publish Date: Mon, 21 Sep 2026 07:09 PM (IST)
Updated Date: Mon, 21 Sep 2026 07:11 PM (IST)
ਪ੍ਰਸ਼ਾਸ਼ਨ ਦਾ ਦਅਵਾ ਲਿਫਟਿੰਗ ਚੱਲ ਰਹੀ ਹੈ 20 ਹਜਾਰ ਬੋਰੀ ਗਈ ਹੈ ਚੁੱਕੀ। ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ: ਰੂਪਨਗਰ ਤੇ ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ’ਚ ਕਣਕ ਦੀਆ ਬੋਰੀਆਂ ਦੇ ਲੱਗੇ ਅੰਬਾਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਚਿੰਤਾਂ ਵਧਾਈ ਹੋਈ ਹੈ ਜਦਕਿ ਦੂਜੇ ਪਾਸੇ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ। ਉੱਧਰ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਰੂਪਨਗਰ ਤੇ ਚਮਕੌਰ ਸਾਹਿਬ ’ਚ ਲਿਫਟਿੰਗ ਸ਼ੁਰੂ ਹੋ ਗਈ ਹੈ, ਜਿਸ ਵਿਚ 20 ਹਜ਼ਾਰ ਬੋਰੀ ਚੁੱਕੀ ਗਈ ਹੈ ਤੇ ਲਿਫਟਿੰਗ ਦਾ ਕੰਮ ਲਗਾਤਾਰ ਚੱਲੇਗਾ ਤਾਂ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾ ਮੰਡੀ ਯਾਰਡ ਖਾਲੀ ਹੋ ਸਕੇ। ਉੱਧਰ ਮੰਡੀਆ ’ਚ ਖਰੀਦ ਤੋਂ ਪਹਿਲਾਂ ਹੀ ਝੋਨੇ ਦੀ ਆਮਦ ਹੋਈ ਹੈ ਪ੍ਰੰਤੂ ਖਰੀਦ ਏਜੰਸੀਆਂ ਖਰੀਦ ਸਰਕਾਰੀ ਖਰੀਦ ਤੋਂ ਪਹਿਲਾਂ ਨਹੀਂ ਕਰ ਸਕਦੀਆਂ। ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਤੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਗੁਰੀ ਗਿੱਲ ਨੇ ਰੂਪਨਗਰ ਮੰਡੀ ਦਾ ਦੌਰਾ ਕਰਨ ਉਪਰੰਤ ਸੋਸ਼ਲ ਮੀਡੀਆ ’ਤੇ ਲਾਇਵ ਹੋ ਕਿ ਆਪ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦਿਆਂ ਕਿਹਾਕਿ ਰੋਪੜ ਦੀ ਅਨਾਜ ਮੰਡੀ ’ਚ ਕਰੀਬ 1 ਲੱਖ 40 ਹਜ਼ਾਰ ਬੋਰੀਆਂ ਕਣਕ ਦੀਆਂ ਅਜੇ ਵੀ ਪਈਆਂ ਹਨ ਜਿਸ ਕਰਕੇ ਮੰਡੀ ਦੀ ਅੱਧੀ ਤੋਂ ਵੱਧ ਥਾਂ ਘੇਰੀ ਹੋਈ ਹੈ। ਦੂਜੇ ਪਾਸੇ ਝੋਨੇ ਦੀ ਫ਼ਸਲ ਪੱਕ ਕੇ ਮੰਡੀਆਂ ’ਚ ਪਹੁੰਚਣੀ ਸ਼ੁਰੂ ਹੋ ਗਈ ਹੈ ਪਰ ਕਿਸਾਨਾਂ ਦੀ ਫ਼ਸਲ ਉਤਾਰਨ ਲਈ ਨਾ ਤਾਂ ਲੋੜੀਂਦੀ ਥਾਂ ਮੌਜੂਦ ਹੈ ਨਾ ਹੀ ਹੁਣ ਤੱਕ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ‘ਆਪ’ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਫ਼ਸਲਾਂ ਦੀ ਖਰੀਦ ਤੇ ਮੰਡੀ ਪ੍ਰਬੰਧਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਕੋਈ ਪ੍ਰਭਾਵਸ਼ਾਲੀ ਤਿਆਰੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾਕਿ ਇਕ ਪਾਸੇ ਕਿਸਾਨ ਆਪਣੀ ਮਿਹਨਤ ਨਾਲ ਤਿਆਰ ਕੀਤੀ ਝੋਨੇ ਦੀ ਫ਼ਸਲ ਲੈ ਕੇ ਮੰਡੀ ਵਿਚ ਪਹੁੰਚ ਰਿਹਾ ਹੈ ਅਤੇ ਦੂਜੇ ਪਾਸੇ ਮੰਡੀ ’ਚ ਫ਼ਸਲ ਰੱਖਣ ਲਈ ਥਾਂ ਤੱਕ ਨਹੀਂ ਹੈ। ਇਹ ਸਥਿਤੀ ਸਰਕਾਰ ਦੇ ਮੰਡੀ ਪ੍ਰਬੰਧਾਂ ਤੇ ਤਿਆਰੀਆਂ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆੜ੍ਹਤੀ ਕਿਸਾਨ ਦੀ ਫ਼ਸਲ ਖਰੀਦਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਮੰਡੀ ਬੋਰਡ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਕਿਸਾਨ ਆਪਣੀ ਫ਼ਸਲ ਲੈ ਕੇ ਕਿੱਥੇ ਜਾਵੇ ਤੇ ਆੜ੍ਹਤੀ ਉਸ ਦੀ ਫ਼ਸਲ ਖਰੀਦੇ ਤਾਂ ਕਿਸ ਕਾਨੂੰਨੀ ਪ੍ਰਬੰਧ ਤਹਿਤ ਉਸ ਨੂੰ ਨੋਟਿਸ ਦਿੱਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ਼ ਰੂਪਨਗਰ ਤੇ ਚਮਕੌਰ ਸਾਹਿਬ ਸਣੇ ਹੋਰ ਮੰਡੀਆਂ ਤੋਂ ਵੀ ਕਿਸਾਨਾਂ ਨੂੰ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਹੁਣੇ ਤੋਂ ਪ੍ਰਬੰਧ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ’ਚ ਮੰਡੀਆਂ ’ਚ ਕਿਸਾਨਾਂ ਦੀ ਭੀੜ ਤੇ ਫ਼ਸਲ ਦੀ ਸੰਭਾਲ ਦਾ ਸੰਕਟ ਹੋਰ ਵਧ ਸਕਦਾ ਹੈ। ਗੁਰੀ ਗਿੱਲ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ’ਚ ਰੁਲਣ ਲਈ ਮਜਬੂਰ ਨਾ ਕੀਤਾ ਜਾਵੇ। ਰੋਪੜ ਮੰਡੀ ’ਚ ਪਈਆਂ ਕਰੀਬ 1.40 ਲੱਖ ਕਣਕ ਦੀਆਂ ਬੋਰੀਆਂ ਦੀ ਤੁਰੰਤ ਲਿਫਟਿੰਗ ਕਰਵਾਈ ਜਾਵੇ, ਮੰਡੀ ’ਚ ਝੋਨਾ ਉਤਾਰਨ ਲਈ ਢੁਕਵੀਂ ਥਾਂ ਬਣਾਈ ਜਾਵੇ ਤੇ ਝੋਨੇ ਦੀ ਸਰਕਾਰੀ ਖਰੀਦ ਲਈ ਸਾਰੇ ਲੋੜੀਂਦੇ ਪ੍ਰਬੰਧ ਤੁਰੰਤ ਕੀਤੇ ਜਾਣ ਤੇ ਸਰਕਾਰੀ ਖਰੀਦ ਜਲਦ ਤੋਂ ਜਲਦ ਸ਼ੁਰੂ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਦੀ ਖੇਤੀਬਾੜੀ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਨੂੰ ਮੰਡੀ ’ਚ ਆਪਣੀ ਫ਼ਸਲ ਵੇਚਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਚਾਹੀਦੇ। ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਿਸਾਨ ਦੀ ਫ਼ਸਲ ਮੰਡੀ ’ਚ ਪਹੁੰਚਣ ਤੋਂ ਪਹਿਲਾਂ ਹੀ ਖਰੀਦ, ਸਟੋਰੇਜ ਤੇ ਲਿਫਟਿੰਗ ਦੇ ਪ੍ਰਬੰਧ ਮੁਕੰਮਲ ਹੋਣ।