ਇੱਕੋ ਰਾਤ 7 ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰ ਚੋਰੀ ਪਿੰਡ ਢੋਲਣ ਮਾਜਰਾ ਵਿਖੇ ਇੱਕੋ ਰਾਤ 7 ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰ ਚੋਰੀ
Publish Date: Sat, 29 Aug 2026 07:00 PM (IST)
Updated Date: Sat, 29 Aug 2026 07:01 PM (IST)
ਪੰਜਾਬੀ ਜਾਗਰਣ ਟੀਮ, ਮੋਰਿੰਡਾ : ਮੋਰਿੰਡਾ ਇਲਾਕੇ ਵਿਚ ਤਾਰ ਚੋਰ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਰੋਜ਼ਾਨਾ ਹੀ ਇਲਾਕੇ ਦੇ ਕਿਸੇ ਨਾ ਕਿਸੇ ਪਿੰਡ ਵਿਚੋਂ ਕਿਸਾਨਾਂ ਦੀਆਂ ਮੋਟਰਾਂ ਦੀ ਤਾਰ ਚੋਰੀ ਹੋਣਾ ਆਮ ਗੱਲ ਬਣ ਗਈ ਹੈ, ਜਦਕਿ ਇਨ੍ਹਾਂ ਚੋਰੀਆਂ ਨੂੰ ਰੋਕਣ ਵਿਚ ਮੋਰਿੰਡਾ ਪੁਲਿਸ ਬੇਬਸ ਨਜ਼ਰ ਆ ਰਹੀ ਹੈ। ਪੁਲਿਸ ਦੀ ਢਿੱਲੀ ਕਾਰਗੁਜਾਰੀ ਦੇ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ ਤੇ ਉਹ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ 7 ਕਿਸਾਨਾਂ ਹਰਬੰਸ ਸਿੰਘ ਪੁੱਤਰ ਕੇਸਰ ਸਿੰਘ, ਰਘਬੀਰ ਸਿੰਘ ਪੁੱਤਰ ਸੱਜਣ ਸਿੰਘ, ਕਰਮ ਸਿੰਘ ਪੁੱਤਰ ਮਹਿੰਦਰ ਸਿੰਘ, ਸੁਰਜੀਤ ਸਿੰਘ, ਰਣ ਸਿੰਘ, ਪਰਮਿੰਦਰ ਸਿੰਘ ਆਦਿ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰਾਂ ਵੱਲੋਂ ਕੇਬਲ ਚੋਰੀ ਕੀਤੀ ਗਈ ਹੈ। ਇਸ ਸਬੰਧੀ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਰਾਤ ਨੂੰ ਆਪਣੀਆਂ ਮੋਟਰਾਂ ’ਤੇ ਗੇੜਾ ਲਗਾਉਂਦੇ ਹਨ ਪ੍ਰੰਤੂ ਉਹ ਕਿਸੇ ਕਾਰਨ ਬੀਤੀ ਰਾਤ ਨਹੀਂ ਜਾ ਸਕੇ ਅਤੇ ਉਸੇ ਰਾਤ ਹੀ ਚੋਰਾਂ ਵੱਲੋਂ ਮੌਕੇ ਦਾ ਲਾਭ ਲੈ ਕੇ ਤਾਰਾਂ ਕੱਟ ਲਈਆਂ ਗਈਆਂ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਦੇ ਅੰਦਰ ਉਨ੍ਹਾਂ ਦੀ ਮੋਟਰ ਤੋਂ ਅੱਠਵੀਂ ਵਾਰ ਤਾਰ ਕੱਟ ਕੇ ਚੋਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਇਸ ਤਾਰ ਨੂੰ ਵੇਚ ਕੇ ਕੇਵਲ 50 ਜਾਂ 100 ਰੁਪਏ ਮਿਲਦੇ ਹੋਣਗੇ ਪ੍ਰੰਤੂ ਉਨ੍ਹਾਂ ਦੋ-ਢਾਈ ਹਜ਼ਾਰ ਰੁਪਏ ਲਗਾ ਕੇ ਨਵੀਂ ਕੇਬਲ ਖਰੀਦਣੀ ਪੈਂਦੀ ਹੈ ਅਤੇ ਫਸਲ ਨੂੰ ਵੀ ਉਸ ਰਾਤ ਪਾਣੀ ਨਹੀਂ ਮਿਲਦਾ। ਜਦੋਂ ਕਿ ਝੋਨੇ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਮੌਕੇ ਭਾਕਿਯੂ ਲੱਖੋਵਾਲ ਦੇ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮੁੰਡੀਆਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਤੇ ਗੁਰਚਰਨ ਸਿੰਘ ਢੋਲਣ ਮਾਜਰਾ ਨੇ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਕਿ ਪੁਲਿਸ ਵੱਲੋਂ ਰਾਤ ਨੂੰ ਗਸ਼ਤ ਵਧਾਈ ਜਾਵੇ ਅਤੇ ਇਸ ਰੋਜ਼ਾਨਾ ਹੋ ਰਹੇ ਮਾਲੀ ਨੁਕਸਾਨ ਤੋਂ ਬਚਾਇਆ ਜਾਵੇ। ਉਨ੍ਹਾਂ ਚੋਰਾਂ ਵਿਰੁੱਧ ਸਖਤ ਕਾਰਵਾਈ ਕਰਨ ਤੇ ਜਲਦੀ ਕਾਬੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ।