‘ਰਿਵਰ ਫੈਸਟੀਵਲ’ ਤੇ ‘ਪੰਜਾਬ ਸਖੀ ਸ਼ਕਤੀ ਮੇਲਾ’ 21 ਨਵੰਬਰ ਤੋਂ : ਡਿਪਟੀ ਕਮਿਸ਼ਨਰ 21 ਨਵੰਬਰ ਤੋਂ 1 ਦਸੰਬਰ ਤੱਕ ‘ਰਿਵਰ ਫੈਸਟੀਵਲ’ ਅਤੇ ‘ਪੰਜਾਬ ਸਖੀ ਸ਼ਕਤੀ ਮੇਲਾ’ ਕਰਵਾਇਆ ਜਾਵੇਗਾ- ਡਿਪਟੀ ਕਮਿਸ਼ਨਰ
Publish Date: Tue, 27 Oct 2026 03:23 PM (IST)
Updated Date: Tue, 27 Oct 2026 03:25 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਸੱਭਿਆਚਾਰਕ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਤੇ ਸਥਾਨਕ ਉੱਦਮੀਆਂ ਤੇ ਸਵੈ-ਸਹਾਇਤਾ ਸਮੂਹਾਂ ਨੂੰ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਤੇ ਵਿਕਰੀ ਲਈ ਢੁੱਕਵਾਂ ਮੰਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 21 ਨਵੰਬਰ ਤੋਂ 1 ਦਸੰਬਰ ਤੱਕ ਨਹਿਰੂ ਸਟੇਡੀਅਮ ਰੂਪਨਗਰ ਦੇ ਸਾਹਮਣੇ ਸਥਿਤ ਨਵੇਂ ਬੱਸ ਅੱਡੇ ਵਿਖੇ ‘ਰਿਵਰ ਫੈਸਟੀਵਲ’ ਤੇ ‘ਪੰਜਾਬ ਸਖੀ ਸ਼ਕਤੀ ਮੇਲਾ’ ਕਰਵਾਇਆ ਜਾਵੇਗਾ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੇ ਕਿਹਾ ਕਿ ‘ਰਿਵਰ ਫੈਸਟੀਵਲ’ ਦੌਰਾਨ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਵੱਲੋਂ ਸੰਗੀਤਕ ਅਤੇ ਸੱਭਿਆਚਾਰਕ ਤੇ ਸਟੇਜ ਪ੍ਰੋਗਰਾਮ, ਫੈਸ਼ਨ ਸ਼ੋਅ, ਲੋਕ ਨਾਚ ਅਤੇ ਦਿਲਕਸ਼ ਪੇਸ਼ਕਾਰੀਆਂ ਦਿੱਤੀ ਜਾਣਗੀਆਂ। ਇਸ ਤੋਂ ਇਲਾਵਾ ਖਾਣ-ਪੀਣ ਦੇ ਵੱਖ-ਵੱਖ ਸਟਾਲ, ਝੂਲੇ, ਰਾਈਡਜ਼ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਵੀ ਮੇਲੇ ਦਾ ਮੁੱਖ ਆਕਰਸ਼ਣ ਹੋਣਗੀਆਂ। ਇਹ ਸਮਾਗਮ ਲੋਕਾਂ ਨੂੰ ਪਰਿਵਾਰਾਂ ਸਮੇਤ ਮਨੋਰੰਜਨ ਅਤੇ ਸੱਭਿਆਚਾਰਕ ਰੰਗਾਂ ਦਾ ਆਨੰਦ ਮਾਣਨ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ‘ਪੰਜਾਬ ਸਖੀ ਸ਼ਕਤੀ ਮੇਲੇ’ ਦਾ ਮੁੱਖ ਉਦੇਸ਼ ਸਵੈ-ਸਹਾਇਤਾ ਸਮੂਹਾਂ ਅਤੇ ਮਾਈਕਰੋ, ਛੋਟੇ ਤੇ ਦਰਮਿਆਨੇ ਲਘੂ ਉਦਯੋਗਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਵਧੇਰੇ ਗਾਹਕਾਂ ਤੱਕ ਪਹੁੰਚਾਉਣ ਲਈ ਪ੍ਰਭਾਵਸ਼ਾਲੀ ਮਾਰਕੀਟਿੰਗ ਮੰਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਉੱਦਮੀਆਂ ਨੂੰ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਦਾ ਮੌਕਾ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਵਿਸਥਾਰ ਦੇਣ, ਨਵੇਂ ਗਾਹਕਾਂ ਨਾਲ ਸੰਪਰਕ ਸਥਾਪਤ ਕਰਨ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੇਲਾ ਸਵੈ-ਸਹਾਇਤਾ ਸਮੂਹਾਂ, ਖ਼ਾਸ ਕਰਕੇ ਮਹਿਲਾ ਉੱਦਮੀਆਂ ਦੇ ਹੁਨਰ, ਮਿਹਨਤ ਅਤੇ ਉੱਦਮੀ ਸਮਰੱਥਾ ਨੂੰ ਵੱਡੇ ਪੱਧਰ ’ਤੇ ਉਜਾਗਰ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ। ਇਸ ਨਾਲ ਉਨ੍ਹਾਂ ਨੂੰ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਅਤੇ ਵਿਕਰੀ ਲਈ ਨਵੇਂ ਮੌਕੇ ਮਿਲਣਗੇ ਅਤੇ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ‘ਰਿਵਰ ਫੈਸਟੀਵਲ’ ਅਤੇ ‘ਪੰਜਾਬ ਸਖੀ ਸ਼ਕਤੀ ਮੇਲਾ’ ਰਾਹੀਂ ਲੋਕਾਂ ਨੂੰ ਮਨੋਰੰਜਨ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਸਥਾਨਕ ਵਪਾਰ, ਉੱਦਮਤਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।