ਭਾ.ਵਿ.ਪ. ਭਾਖੜਾ ਨੰਗਲ ਸ਼ਾਖਾ ਵੱਲੋਂ ਦਿਵਿਆਂਗ ਮਹਿਲਾ ਨੂੰ ਵ੍ਹੀਲਚੇਅਰ ਭੇਟ ਭਾ.ਵਿ.ਪ. ਭਾਖੜਾ ਨੰਗਲ ਸ਼ਾਖਾ ਵੱਲੋਂ ਦਿਵਿਆਂਗ ਮਹਿਲਾ ਨੂੰ ਵ੍ਹੀਲਚੇਅਰ ਭੇਟ
Publish Date: Sun, 11 Oct 2026 04:26 PM (IST)
Updated Date: Sun, 11 Oct 2026 04:26 PM (IST)
ਪੰਜਾਬੀ ਜਾਗਰਣ ਟੀਮ, ਨੰਗਲ: ਭਾਰਤ ਵਿਕਾਸ ਪਰਿਸ਼ਦ (ਭਾ.ਵਿ.ਪ.) ਭਾਖੜਾ ਨੰਗਲ ਸ਼ਾਖਾ ਵੱਲੋਂ ਲੋੜਵੰਦ ਲੋਕਾਂ ਅਤੇ ਮਰੀਜ਼ਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਪਿੰਡ ਕੈਥੇੜਾ ਦੀ ਰਹਿਣ ਵਾਲੀ ਦਿਵਿਆਂਗ ਮਹਿਲਾ ਸ਼ਵੇਤਾ ਨੂੰ ਵ੍ਹੀਲਚੇਅਰ ਭੇਟ ਕੀਤੀ ਗਈ। ਸ਼ਵੇਤਾ ਦੀ ਸਰੀਰਕ ਹਾਲਤ ਅਜਿਹੀ ਹੈ ਕਿ ਉਹ ਨਾ ਸਿਰਫ਼ ਤੁਰਨ-ਫਿਰਨ ਤੋਂ ਅਸਮਰੱਥ ਹੈ, ਸਗੋਂ ਆਪਣੇ ਪੈਰਾਂ ’ਤੇ ਖੜ੍ਹੀ ਵੀ ਨਹੀਂ ਹੋ ਸਕਦੀ। ਇਸ ਗੱਲ ਨੂੰ ਧਿਆਨ ’ਚ ਰੱਖਦਿਆਂ ਉਸ ਦੀ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਆਉਣ-ਜਾਣ ’ਚ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਵੱਲੋਂ ਪ੍ਰਾਈਮੋ ਕੈਮੀਕਲ ਲਿਮਟਿਡ, ਨਵਾਂ ਨੰਗਲ ਦੀ ਕਾਲੋਨੀ ’ਚ ਸਥਿਤ ਮੰਦਰ ਵਿਖੇ ਵ੍ਹੀਲਚੇਅਰ ਮੁਹੱਈਆ ਕਰਵਾਈ ਗਈ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਟਰੱਸਟ ਦੇ ਸੰਸਥਾਪਕ ਨਿਰਦੇਸ਼ਕ ਐਡਵੋਕੇਟ ਅਸ਼ੋਕ ਮਨੋਚਾ ਅਤੇ ਸ਼ਾਖਾ ਦੇ ਪ੍ਰਧਾਨ ਜਗਮੋਹਨ ਸਿੰਘ ਵਾਲੀਆ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਇੱਕ ਸਮਾਜ ਸੇਵੀ ਸੰਸਥਾ ਹੈ, ਜੋ ਲੋੜਵੰਦ ਲੋਕਾਂ ਦੀ ਮਦਦ ਅਤੇ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸ਼ਾਖਾ ਵੱਲੋਂ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ, ਦਿਵਿਆਂਗ ਵਿਅਕਤੀਆਂ ਅਤੇ ਮਰੀਜ਼ਾਂ ਦੀ ਸਹਾਇਤਾ ਲਈ ਭਵਿੱਖ ’ਚ ਵੀ ਸੇਵਾ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਸ਼ਵੇਤਾ ਦੇ ਮਾਤਾ-ਪਿਤਾ ਤੋਂ ਇਲਾਵਾ ਭਾਰਤ ਵਿਕਾਸ ਪਰਿਸ਼ਦ ਭਾਖੜਾ ਨੰਗਲ ਸ਼ਾਖਾ ਵੱਲੋਂ ਸੰਸਥਾਪਕ ਨਿਰਦੇਸ਼ਕ ਐਡਵੋਕੇਟ ਅਸ਼ੋਕ ਮਨੋਚਾ, ਪ੍ਰਧਾਨ ਜਗਮੋਹਨ ਸਿੰਘ ਵਾਲੀਆ, ਸਕੱਤਰ ਇੰਜੀਨੀਅਰ ਰਾਜਨ ਸੋਨੀ, ਸਾਬਕਾ ਖ਼ਜ਼ਾਨਚੀ ਰਾਜੀ ਛਾਬੜਾ ਅਤੇ ਮੈਡਮ ਬਿੰਦੂ ਡੋਗਰਾ ਹਾਜ਼ਰ ਸਨ। ਮੰਦਰ ਕਮੇਟੀ ਦੀ ਮਹਿਲਾ ਕੀਰਤਨ ਮੰਡਲੀ ਵੱਲੋਂ ਮੈਡਮ ਸ਼ਸ਼ੀ ਵਸ਼ਿਸ਼ਟ, ਰੀਨਾ, ਸਰੋਜ ਅਤੇ ਪੰਡਿਤ ਦੀਪਕ ਜੀ ਵੀ ਇਸ ਮੌਕੇ ਮੌਜੂਦ ਸਨ।