ਨਵਜੰਮੇ ਬੱਚਿਆਂ ਦੀ ਦੇਖਭਾਲ ਸਬੰਧੀ ਮਨਾਇਆ ਹਫ਼ਤਾ ਵੱਖ-ਵੱਖ ਆਯੁਸ਼ਮਾਨ ਆਰੋਗਿਆ ਕੇਂਦਰਾਂ ਅਧੀਨ ਨਵਜੰਮੇ ਬੱਚਿਆਂ ਦੀ ਦੇਖਭਾਲ ਸਬੰਧੀ ਮਨਾਇਆ ਹਫਤਾ
Publish Date: Fri, 20 Nov 2026 03:15 PM (IST)
Updated Date: Fri, 20 Nov 2026 03:19 PM (IST)
ਪੰਜਾਬੀ ਜਾਗਰਣ ਟੀਮ, ਮੋਰਿੰਡਾ : ਬਲਾਕ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਆਯੁਸ਼ਮਾਨ ਆਰੋਗਿਆ ਕੇਂਦਰਾਂ ਅਧੀਨ ਪਿੰਡ ਅਰਨੌਲੀ, ਚੱਕਲਾਂ ਤੇ ਬੂਰਮਾਜਰਾ ਵਿਖੇ ਨਵਜੰਮੇ ਬੱਚਿਆਂ ਦੀ ਸਿਹਤ ਤੇ ਸਹੀ ਦੇਖਭਾਲ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਨਵਜੰਮੇ ਬੱਚਿਆਂ ਦੀ ਦੇਖਭਾਲ ਸਬੰਧੀ ਹਫ਼ਤਾ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਟੰਡਨ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਵੱਲੋਂ ਇਸ ਹਫ਼ਤੇ ਦੌਰਾਨ ਗਰਭਵਤੀ ਔਰਤਾਂ, ਨਵੀਆਂ ਮਾਵਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਦਿਨਾਂ ਵਿਚ ਰੱਖੀ ਜਾਣ ਵਾਲੀ ਸਾਵਧਾਨੀ ਤੇ ਸਿਹਤ ਸੰਭਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚੇ ਦੀ ਜ਼ਿੰਦਗੀ ਦੇ ਪਹਿਲੇ 28 ਦਿਨ ਬਹੁਤ ਮਹੱਤਵਪੂਰਨ ਹੁੰਦੇ ਹਨ। ਇਸ ਸਮੇਂ ਦੌਰਾਨ ਬੱਚੇ ਦੀ ਵਿਸ਼ੇਸ਼ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚੇ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਤੇ ਉਸ ਦਾ ਸਰੀਰਕ ਤੇ ਮਾਨਸਿਕ ਵਿਕਾਸ ਸਹੀ ਢੰਗ ਨਾਲ ਹੋ ਸਕੇ। ਇਸ ਮੌਕੇ ਲਖਮਿੰਦਰ ਸਿੰਘ ਹੈਲਥ ਵਰਕਰ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਉਸ ਨੂੰ ਮਾਂ ਦੀ ਛਾਤੀ ਨਾਲ ਲਗਾ ਕੇ ਕੰਗਾਰੂ ਮਦਰ ਕੇਅਰ ਤੇ ਸਕਿਨ ਟੂ ਸਕਿਨ ਸੰਪਰਕ ਦੇਣਾ ਚਾਹੀਦਾ ਹੈ। ਜਨਮ ਦੇ ਪਹਿਲੇ ਇੱਕ ਘੰਟੇ ਦੇ ਅੰਦਰ ਮਾਂ ਦਾ ਪਹਿਲਾ ਗਾੜ੍ਹਾ ਪੀਲਾ ਦੁੱਧ (ਕਲੋਸਟ੍ਰਮ) ਜ਼ਰੂਰ ਪਿਲਾਉਣਾ ਚਾਹੀਦਾ ਹੈ, ਕਿਉਂਕਿ ਇਹ ਬੱਚੇ ਲਈ ਪਹਿਲੀ ਕੁਦਰਤੀ ਵੈਕਸੀਨ ਵਾਂਗ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚੇ ਨੂੰ ਪਹਿਲੇ ਛੇ ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਇਸ ਦੌਰਾਨ ਪਾਣੀ, ਸ਼ਹਿਦ, ਘੁੱਟੀ ਜਾਂ ਹੋਰ ਕੋਈ ਬਾਹਰੀ ਖੁਰਾਕ ਦੇਣ ਦੀ ਲੋੜ ਨਹੀਂ ਹੁੰਦੀ। ਬੱਚੇ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ ਤੇ ਨਾਭੀ ਦੀ ਸਹੀ ਦੇਖਭਾਲ ਕਰਨੀ ਚਾਹੀਦੀ ਹੈ। ਨਵਜੰਮੇ ਬੱਚੇ ਦਾ ਸਮੇਂ ਸਿਰ ਟੀਕਾਕਰਨ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ’ਤੇ ਬੇਅੰਤ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਬੱਚਾ ਦੁੱਧ ਪੀਣ ਤੋਂ ਇਨਕਾਰ ਕਰੇ, ਤੇਜ਼ ਸਾਹ ਲਵੇ, ਬੁਖਾਰ ਹੋਵੇ, ਸਰੀਰ ਠੰਢਾ ਪਵੇ ਜਾਂ ਬਹੁਤ ਜ਼ਿਆਦਾ ਸੁਸਤ ਰਹੇ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿਚ ਲਿਜਾਇਆ ਜਾਵੇ। ਇਸ ਮੌਕੇ ਸਮੂਹ ਏਐੱਨਐੱਮਜ਼, ਸਮੂਹ ਹੈਲਥ ਵਰਕਰ ਤੇ ਆਸ਼ਾ ਵਰਕਰਜ਼ ਹਾਜ਼ਰ ਸਨ।