"ਅਸੀਂ ਕ੍ਰੈਡਿਟ ਜਾਂ ਫੋਟੋਆਂ ਦੀ ਨਹੀਂ, ਕੰਮ ਦੀ ਰਾਜਨੀਤੀ ਕਰਦੇ ਹਾਂ": ਕੈਬਨਿਟ ਮੰਤਰੀ ਹਰਜੋਤ ਬੈਂਸ "ਅਸੀਂ ਕ੍ਰੈਡਿਟ ਜਾਂ ਫੋਟੋਆਂ ਦੀ ਨਹੀਂ, ਕੰਮ ਦੀ ਰਾਜਨੀਤੀ ਕਰਦੇ ਹਾਂ": ਕੈਬਨਿਟ ਮੰਤਰੀ ਹਰਜੋਤ ਬੈਂਸ
Publish Date: Fri, 11 Sep 2026 05:58 PM (IST)
Updated Date: Fri, 11 Sep 2026 05:58 PM (IST)
ਕਿਹਾ, ਮਾਨ ਸਰਕਾਰ ਦੀਆਂ ਸਕੀਮਾਂ ਵਿਰੋਧੀਆਂ ਵਾਂਗ ਸ਼ਰਤਾਂ ਵਾਲੀਆਂ ਨਹੀਂ, ਬਲਕਿ ਹਰ ਆਮ ਆਦਮੀ ਲਈ ਹਨ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿਆਸਤ ਵਿੱਚ ਇੱਕ ਨਵੀਂ ਪਿਰਤ ਪਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਫੋਟੋਆਂ ਦੀ ਰਾਜਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦੇ, ਸਗੋਂ ਉਨ੍ਹਾਂ ਦਾ ਇੱਕੋ-ਇੱਕ ਟੀਚਾ ਜ਼ਮੀਨੀ ਪੱਧਰ ਤੇ ਲੋਕਾਂ ਦੀ ਸੇਵਾ ਕਰਨਾ ਹੈ। ਨੰਗਲ ਦੇ ਪਿੰਡ ਬਰਮਲਾ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਦੀ ਹੋੜ ਵਿੱਚ ਪੈਣ ਦੀ ਬਜਾਏ, ਉਹ ਪਰਮਾਤਮਾ ਦੀ ਮਿਹਰ ਸਦਕਾ ਨਿਮਾਣੇ ਬਣ ਕੇ ਲੋਕਾਂ ਦੇ ਕੰਮ ਕਰਵਾਉਣ ਨੂੰ ਪਹਿਲ ਦੇ ਰਹੇ ਹਨ। ਸ੍ਰੀ ਬੈਂਸ ਨੇ ਆਪਣੇ ਵਿਰੋਧੀਆਂ ਵੱਲ ਇਸ਼ਾਰਾ ਕਰਦਿਆਂ ਬੜੇ ਹੀ ਸਪੱਸ਼ਟ ਲਹਿਜੇ ਵਿੱਚ ਕਿਹਾ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਕੰਮ ਹੋਣ ਤੋਂ ਬਾਅਦ ਫੋਟੋਆਂ ਕੌਣ ਖਿਚਵਾਉਂਦਾ ਹੈ। ਕੰਮ ਸਾਡੇ ਤੋਂ ਕਰਵਾ ਲਿਆ ਕਰੋ, ਫੋਟੋਆਂ ਭਾਵੇਂ ਹੋਰ ਕੋਈ ਖਿਚਵਾ ਲਵੇ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਦੀ ਜਨਤਾ ਬਹੁਤ ਸਿਆਣੀ ਹੈ ਅਤੇ ਸਭ ਜਾਣਦੀ ਹੈ ਕਿ ਅਸਲ ਵਿੱਚ ਜ਼ਮੀਨ ਤੇ ਕੌਣ ਮਿਹਨਤ ਕਰ ਰਿਹਾ ਹੈ। ਆਪਣੀ ਜ਼ਮੀਨੀ ਕਾਰਜਸ਼ੈਲੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਪਿੰਡਾਂ ਅਤੇ ਵਾਰਡਾਂ ਵਿੱਚ ਘੰਟਿਆਂਬੱਧੀ ਸਮਾਂ ਬਿਤਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਉਹ ਗਲੀ-ਗਲੀ ਜਾ ਕੇ ਖ਼ੁਦ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ ਅਤੇ ਉਨ੍ਹਾਂ ਦਾ ਮੌਕੇ ਤੇ ਨਿਪਟਾਰਾ ਕਰਨਗੇ। ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਘਾ ਕਰਦਿਆਂ ਮੰਤਰੀ ਬੈਂਸ ਨੇ ਭਾਜਪਾ ਸ਼ਾਸਿਤ ਸੂਬਿਆਂ ਦੀਆਂ ਨੀਤੀਆਂ ਤੇ ਕਰਾਰਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਲੋਕਾਂ ਤੇ ਸਖ਼ਤ ਸ਼ਰਤਾਂ ਥੋਪੀਆਂ ਜਾਂਦੀਆਂ ਹਨ ਜਿਵੇਂ ਪਰਿਵਾਰ ਦੀ ਆਮਦਨ 1.80 ਲੱਖ ਤੋਂ ਘੱਟ ਹੋਣਾ, ਘਰ ਵਿੱਚ ਏ.ਸੀ. ਜਾਂ ਫਰਿੱਜ ਨਾ ਹੋਣਾ। ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ 300 ਯੂਨਿਟ ਮੁਫ਼ਤ ਬਿਜਲੀ ਅਤੇ 10 ਲੱਖ ਰੁਪਏ ਤੱਕ ਦੇ ਮੁਫ਼ਤ ਸਿਹਤ ਬੀਮੇ ਵਰਗੀਆਂ ਵੱਡੀਆਂ ਸਹੂਲਤਾਂ ਬਿਨ੍ਹਾਂ ਕਿਸੇ ਭੇਦਭਾਵ ਅਤੇ ਬਿਨ੍ਹਾਂ ਕਿਸੇ ਅਜੀਬ ਸ਼ਰਤ ਦੇ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਅਸਲ ਮਾਇਨਿਆਂ ਵਿੱਚ ਗਰੀਬਾਂ ਅਤੇ ਆਮ ਲੋਕਾਂ ਦੀ ਸਰਕਾਰ ਹੋਣ ਦਾ ਸਬੂਤ ਹੈ। ਆਪਣੇ ਲੰਬੇ ਸਮੇਂ ਦੇ ਵਿਜ਼ਨ ਨੂੰ ਸਾਂਝਾ ਕਰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਸਿਰਫ਼ ਆਰਜ਼ੀ ਹੱਲ ਲੱਭਣ ਤੱਕ ਸੀਮਤ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਸਵਾ ਸਾਲ ਦੇ ਅੰਦਰ ਨੰਗਲ ਸ਼ਹਿਰ ਦੇ ਸਾਰੇ ਬੋਰਵੈੱਲ ਬੰਦ ਕਰ ਦਿੱਤੇ ਜਾਣਗੇ ਅਤੇ ਹਰ ਘਰ ਵਿੱਚ ਸਤਲੁਜ ਦਰਿਆ ਦਾ ਸ਼ੁੱਧ ਪਵਿੱਤਰ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਸੀ ਕਿ ਨਹਿਰ ਦੇ ਬਿਲਕੁਲ ਨਾਲ ਲੱਗਦੇ ਘਰ ਵੀ ਪਾਣੀ ਨੂੰ ਤਰਸਦੇ ਸਨ, ਪਰ ਹੁਣ ਇਹ ਪਾੜਾ ਸਦਾ ਲਈ ਖ਼ਤਮ ਕੀਤਾ ਜਾਵੇਗਾ। ਅੰਤ ਵਿੱਚ ਉਨ੍ਹਾਂ ਲੋਕਾਂ ਵੱਲੋਂ ਮਿਲ ਰਹੇ ਭਰਪੂਰ ਪਿਆਰ ਅਤੇ ਆਸ਼ੀਰਵਾਦ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਦਾ ਸਾਥ ਅਤੇ ਪ੍ਰਮਾਤਮਾ ਦੀ ਮਿਹਰ ਹੀ ਉਨ੍ਹਾਂ ਦੀ ਅਸਲ ਤਾਕਤ ਹੈ।