ਜਲ ਸਰੋਤ ਮਿਊਜ਼ੀਅਮ ਲੋਕਾਂ ਨੂੰ ਜਲ ਸਰੋਤਾਂ ਦੀ ਮਹੱਤਤਾ ਸਮਝਣ ’ਚ ਹੋਵੇਗਾ ਸਹਾਈ : ਚੱਢਾ ਜਲ ਸਰੋਤ ਮਿਊਜ਼ੀਅਮ ਲੋਕਾਂ ਨੂੰ ਜਲ ਸਰੋਤਾਂ ਦੀ ਮਹੱਤਤਾਂ ਸਮਝਣ ਵਿਚ ਹੋਵੇਗਾ ਸਹਾਈ: ਚੱਢਾ
Publish Date: Wed, 19 Aug 2026 04:28 PM (IST)
Updated Date: Wed, 19 Aug 2026 04:30 PM (IST)
ਡੇਢ ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਮਿਊਜੀਅਮ ਹੋਵੇਗਾ ਵਿਲੱਖਣ : ਐਕਸੀਅਨ ਲਖਵੀਰ ਖਾਬੜਾ,ਪੰਜਾਬੀ ਜਾਗਰਣ ਰੂਪਨਗਰ : ਸਤਲੁੱਜ ਦਰਿਆ ਦੇ ਕਿਨਾਰੇ 6 ਮਹੀਨੇ ਵਿਚ ਤਿਆਰ ਹੋਣ ਵਾਲੇ ਜਲ ਸਰੋਤ ਵਿਭਾਗ ਵੱਲੋਂ ਕਰੀਬ ਡੇਢ ਕਰੋੜ ਦੀ ਲਾਗਤ ਨਾਲ ਏਅਰ ਕੰਡੀਸ਼ਨ ਜਲ ਸਰੋਤ ਮਿਊਜ਼ਮ ਬਣਾਇਆ ਜਾ ਰਿਹਾ ਹੈ ਜਿਸ ਦੇ ਕੰਮ ਦਾ ਨੀਂਹ ਪੱਥਰ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਰੱਖਿਆ। ਪਿਛਲੇ ਦਿਨੀ ਪੰਜਾਬ ਦੇ ਜਲ ਸਰੋਤ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਵੀ ਇਸ ਮਿਊਜ਼ੀਅਮ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਸੀ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਰੂਪਨਗਰ ਦੀ ਧਰਤੀ ਦਾ ਸਤਲੁਜ ਦਰਿਆ ਅਤੇ ਪੰਜਾਬ ਦੀ ਸਿੰਚਾਈ ਪ੍ਰਣਾਲੀ ਦੇ ਵਿਕਾਸ ਨਾਲ ਡੂੰਘਾ ਇਤਿਹਾਸਕ ਸਬੰਧ ਹੈ। ਇਸ ਲਈ ਏਥੇ ਜਲ ਸਰੋਤ ਮਿਊਜ਼ੀਅਮ ਦੀ ਸਥਾਪਨਾ ਸਿਰਫ਼ ਇੱਕ ਇਮਾਰਤ ਦਾ ਨਿਰਮਾਣ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਜਲ ਇਤਿਹਾਸ, ਤਕਨੀਕੀ ਵਿਰਾਸਤ ਅਤੇ ਨਹਿਰੀ ਪ੍ਰਣਾਲੀ ਨਾਲ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਉਨ੍ਹਾਂ ਦੱਸਿਆ ਕਿ ਮਿਊਜ਼ੀਅਮ ਵਿਚ ਰੂਪਨਗਰ ਅਤੇ ਸਤਲੁਜ ਦਰਿਆ ਦੇ ਇਤਿਹਾਸਕ ਮਹੱਤਵ ਤੋਂ ਇਲਾਵਾ ਪੰਜਾਬ ਵਿਚ ਵਿਕਸਿਤ ਕੀਤੇ ਗਏ ਵੱਖ-ਵੱਖ ਨਹਿਰੀ ਸਿਸਟਮਾਂ, ਜਲ ਪ੍ਰਬੰਧਨ ਤਕਨੀਕਾਂ ਅਤੇ ਉਨ੍ਹਾਂ ਦੀਆਂ ਸੰਰਚਨਾਵਾਂ ਬਾਰੇ ਜਾਣਕਾਰੀ ਪ੍ਰਦਰਸ਼ਿਤ ਕੀਤੀ ਜਾਵੇਗੀ। ਭਾਖੜਾ ਡੈਮ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਫੈਲੇ ਨਹਿਰੀ ਨੈੱਟਵਰਕ ਤੱਕ ਜਲ ਸਰੋਤਾਂ ਦੇ ਵਿਕਾਸ ਦੀ ਪੂਰੀ ਯਾਤਰਾ ਨੂੰ ਤਕਨੀਕੀ ਅਤੇ ਵਿਜ਼ੂਅਲ ਢੰਗ ਨਾਲ ਦਰਸਾਉਣ ਦਾ ਯਤਨ ਕੀਤਾ ਜਾਵੇਗਾ। ਇਸ ਨਾਲ ਆਮ ਲੋਕਾਂ ਨੂੰ ਜਲ ਸਰੋਤਾਂ ਦੀ ਮਹੱਤਤਾ ਸਮਝਣ ਵਿਚ ਮਦਦ ਮਿਲੇਗੀ ਅਤੇ ਵਿਦਿਆਰਥੀਆਂ ਲਈ ਇਹ ਇੱਕ ਵਿਸ਼ੇਸ਼ ਵਿਦਿਅਕ ਸਰੋਤ ਵਜੋਂ ਕੰਮ ਕਰੇਗਾ। ਜਲ ਸਰੋਤਾਂ, ਸਿਵਲ ਇੰਜੀਨੀਅਰਿੰਗ, ਵਾਤਾਵਰਣ ਅਤੇ ਸਿੰਚਾਈ ਪ੍ਰਣਾਲੀ ਨਾਲ ਸਬੰਧਤ ਉੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਥੋਂ ਵਿਹਾਰਕ ਅਤੇ ਇਤਿਹਾਸਕ ਜਾਣਕਾਰੀ ਪ੍ਰਾਪਤ ਹੋ ਸਕੇਗੀ। ਉਨ੍ਹਾਂ ਕਿਹਾ ਕਿ ਰੂਪਨਗਰ ਵਿਚ ਬਣਨ ਵਾਲਾ ਇਹ ਮਿਊਜ਼ੀਅਮ ਪੰਜਾਬ ਦੀ ਜਲ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਸੈਰ-ਸਪਾਟੇ ਅਤੇ ਵਿਦਿਅਕ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰੇਗਾ। ਇਹ ਸਥਾਨ ਪੰਜਾਬ ਦੇ ਜਲ ਸਰੋਤਾਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਕੇਂਦਰ ਵਜੋਂ ਵਿਕਸਤ ਹੋਵੇਗਾ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਇੰਦਰਪਾਲਅ ਸਿੰਘ ਰਾਜੂ ਸਤਿਆਲ, ਸੀਨੀਅਰ ਮੀਤ ਪ੍ਰਧਾਨ ਸੰਗੀਤਾ ਕਾਲੀਆ, ਸੁਰਜੀਤ ਕੌਰ ਮੀਤ ਪ੍ਰਧਾਨ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਕਾਲੀਆ, ਬਲਾਕ ਪ੍ਰਧਾਨ ਪਰਮਿੰਦਰ ਬਾਲਾ, ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਚੇਅਰਮੈਨ ਭਾਗ ਸਿੰਘ ਮਦਾਨ, ਬਨਵਾਰੀ ਲਾਲ ਮੱਟੂ, ਵਾਈਸ ਚੇਅਰਮੈਨ ਦੇਸਰਾਜ ਸੈਣੀ, ਲਲਿਤ ਡਕਾਲਾ ਸੰਮਤੀ ਮੈਂਬਰ, ਚੇਅਰਮੈਨ ਮਲਕੀਤ ਸਿੰਘ ਭੰਗੂ, ਤੇ ਵਿਭਾਗ ਦੇ ਹੋਰ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਮਿਊਜ਼ਮ ’ਚ ਹੋਵੇਗਾ ਇੱਕ ਵੀਡਿਓ ਰੂਮ : ਸਿੰਗਲਾ ਜ਼ਲ ਸਰੋਤ ਵਿਭਾਗ ਚੰਡੀਗੜ੍ਹ ਦੇ ਐਕਸੀਅਨ ਸਨਨ ਸਿੰਗਲਾ ਨੇ ਦੱਸਿਆ ਕਿ ਜਲ ਸਰੋਤ ਮਿਊਜ਼ਮ ਇੱਕ ਵਿਲੱਖਣ ਏਅਰ ਕੰਡੀਸ਼ਨ ਹੋਵੇਗਾਂ ਜਿਸ ਵਿਚ ਜ਼ਲ ਸਰੋਤਾਂ ਦੇ ਮਾਡਲ,ਨਹਿਰਾਂ ਦੀ ਵੰਡ ਪ੍ਰਣਾਲੀ,ਡੈਮਾਂ ਦੇ ਮਾਡਲ ਅਤੇ ਪਾਣੀ ਦੀ ਵੰਡ ਨੂੰ ਲੈ ਕੇ ਪੁਰਾਣੇ ਸਮਿਆਂ ਦੇ ਸਮਝੋਤੇ ਵੀ ਦਰਸਾਏ ਜਾਣਗੇ। ਇਹ ਮਿਊਜ਼ਮ ਛੇ ਮਹੀਨਿਆਂ ਵਿਚ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿਊਜ਼ਮ ਵਿਚ ਇੱਕ ਵੀਡਿਓ ਰੂਮ ਬਣਾਇਆ ਜਾਵੇਗਾ ਜਿਸ ਵਿਚ 20 ਵਿਅਕਤੀਆ ਦੇ ਬੈਠਣ ਦਾ ਪ੍ਰਬੰਧ ਹੋਵੇਗਾ ਜਿਸ ਵਿਚ ਪਾਣੀ ਦੀ ਰੀਚਾਰਜਿੰਗ ਤੇ ਇਨ੍ਹਾਂ ਨੂੰ ਪਾਣੀ ਦੀ ਸੰਭਾਲ ਕਰਨ ਦੇ ਤਰੀਕਿਆ ਨੂੰ ਦਰਸਾਏ ਜਾਵੇਗਾ ਤਾਂ ਕਿ ਲੋਕਾਂ ਜਾਗਰੂਕ ਹੋ ਸਕਣ ਕਿਉਕਿ ਪਾਣੀ ਵੱਡਮੁੱਲਾਂ ਧਨ ਹੈ।