ਭਾਖੜਾ ਨਹਿਰ ’ਚ ਪਾਣੀ ਦਾ ਪੱਧਰ ਘਟਿਆ, ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਭਾਖੜਾ ਨਹਿਰ ’ਚ ਪਾਣੀ ਦਾ ਪੱਧਰ ਘਟਿਆ, ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ
Publish Date: Tue, 27 Oct 2026 06:47 PM (IST)
Updated Date: Tue, 27 Oct 2026 06:49 PM (IST)
ਲਖਵੀਰ ਖਾਬੜਾ,ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਸ਼ਹਿਰ ’ਚ ਦੋ ਦਿਨ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੀ। ਭਾਖੜਾ ਨਹਿਰ ’ਚ ਪਾਣੀ ਦਾ ਪੱਧਰ ਸਾਢੇ ਪੰਜ ਫੁੱਟ ਘੱਟ ਹੋਣ ਕਾਰਨ ਐਤਵਾਰ ਨੂੰ ਸੈਫਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਗਿਆਨੀ ਜ਼ੈਲ ਸਿੰਘ ਨਗਰ ’ਚ ਸਥਿਤ ਮੁੱਖ ਵਾਟਰ ਵਰਕਸ ’ਚ ਪਾਣੀ ਸਟੋਰ ਨਹੀਂ ਕੀਤਾ ਜਾ ਸਕਿਆ। ਇਸ ਦੇ ਕਾਰਨ ਸਵੇਰੇ ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਸਕੀ। ਮੰਗਲਵਾਰ ਨੂੰ ਸਪਲਾਈ ਮੁੜ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ, ਨਗਰ ਕੌਂਸਲ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ 30-ਹਾਰਸਪਾਵਰ ਮੋਟਰ ਲਗਾਈ ਗਈ ਸੀ। ਨਹਿਰ ’ਚ ਪਾਣੀ ਦਾ ਪੱਧਰ ਘੱਟ ਹੋਣ ਤੇ ਮਲਬਾ ਜਮ੍ਹਾ ਹੋਣ ਕਾਰਨ, ਮੋਟਰ ਖਰਾਬ ਹੋ ਗਈ, ਜਿਸ ਨਾਲ ਪਾਣੀ ਦੀ ਸਪਲਾਈ ’ਚ ਵਿਘਨ ਪਿਆ। ਉਨ੍ਹਾਂ ਅੱਗੇ ਕਿਹਾ ਕਿ ਮੋਟਰ ਦੀ ਮੁਰੰਮਤ ਤੋਂ ਬਾਅਦ ਮੰਗਲਵਾਰ ਬਾਅਦ ਦੁਪਹਿਰ ਨੂੰ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ। ਉਨ੍ਹਾਂ ਸ਼ਹਿਰ ਦੇ ਕਾਰਜਕਾਰੀ ਅਧਿਕਾਰੀ ਨੂੰ ਇੱਕ ਵਾਧੂ 40-ਹਾਰਸਪਾਵਰ ਮੋਟਰ ਖਰੀਦਣ ਦੇ ਨਿਰਦੇਸ਼ ਵੀ ਜਾਰੀ ਕੀਤੇ ਅਤੇ ਜੇਕਰ ਮੌਜੂਦਾ ਮੋਟਰ ਫੇਲ੍ਹ ਹੋ ਜਾਂਦੀ ਹੈ, ਤਾਂ ਇਹ ਵਾਧੂ ਮੋਟਰ ਤੁਰੰਤ ਲਗਾਓ ਤਾਂ ਜੋ ਪਾਣੀ ਦੀ ਸਪਲਾਈ ’ਚ ਵਿਘਨ ਨਾ ਪਵੇ। ============================== ਇਨ੍ਹਾਂ ਇਲਾਕਿਆਂ ’ਚ ਪ੍ਰਭਾਵਿਤ ਰਹੀ ਪਾਣੀ ਦੀ ਸਪਲਾਈ: ਸ਼ਹਿਰ ਦੇ ਗਿਆਨੀ ਜ਼ੈਲ ਸਿੰਘ ਨਗਰ, ਹਰਗੋਬਿੰਦ ਨਗਰ, ਆਦਰਸ਼ ਨਗਰ, ਗਾਂਧੀ ਨਗਰ, ਲਖਵਿੰਦਰਾ ਇੰਨਕਲੇਵ, ਬੜੀ ਹਵੇਲੀ ਖੇਤਰ, ਗਾਰਡਨ ਕਲੌਨੀ, ਨਿਊ ਗਾਰਡਨ ਕਲੌਨੀ, ਉੱਚਾ ਖੇੜਾ, ਛੋਟਾ ਖੇੜਾ, ਜੈਨ ਮੁਹੱਲਾ, ਪੱਕਾ ਬਾਗ, ਗਊਸ਼ਾਲਾ ਰੋਡ ਆਦਿ ਇਲਾਕਿਆਂ ਦੇ ਲੋਕ ਸਵੇਰ ਵੇਲੇ ਪਾਣੀ ਦੀ ਸਪਲਾਈ ਤੋਂ ਵਾਂਝੇ ਰਹੇ।