ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ
Publish Date: Wed, 09 Sep 2026 05:30 PM (IST)
Updated Date: Wed, 09 Sep 2026 05:31 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸ੍ਰੀ ਚਮਕੌਰ ਸਾਹਿਬ ਦੇ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਦੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦੇ ਰਾਜ ਅਧਿਆਪਕ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਸਕੂਲ ਪਹੁੰਚਣ ’ਤੇ ਸਮੂਹ ਸਕੂਲ ਸਟਾਫ ਤੇ ਵਿਦਿਆਰਥਣਾਂ ਵੱਲੋਂ ਸੰਸਥਾ ਮੁਖੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੀਡੀਆ ਇੰਚਾਰਜ ਅਧਿਆਪਕ ਗੁਰਪ੍ਰੀਤ ਸਿੰਘ ਹੀਰਾ ਨੇ ਦੱਸਿਆ ਕਿ ਪਿੰਡ ਖੈਰਾਬਾਦ ਦੇ ਜੰਮਪਲ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦਾ ਅਧਿਆਪਨ ਦੇ ਖੇਤਰ ਵਿਚ ਤਿੰਨ ਦਹਾਕਿਆਂ ਦੇ ਕਰੀਬ ਤਜਰਬਾ ਹੈ।ਉਹ ਵਿਦਿਆਰਥੀ ਜੀਵਨ ਦੇ ਦੌਰਾਨ ਹਾਕੀ ਦੇ ਕੌਮੀ ਪੱਧਰ ਦੇ ਖਿਡਾਰੀ ਰਹੇ ਹਨ। ਉਨ੍ਹਾਂ ਵੱਲੋਂ ਹਾਕੀ ਨਾਲ ਜੋੜੇ ਗਏ ਅਨੇਕਾਂ ਖਿਡਾਰੀ ਕੌਮਾਂਤਰੀ ਪੱਧਰ ’ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਅੱਜ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਜਿੰਮੇਵਾਰੀਆਂ ਨਿਭਾਅ ਰਹੇ ਹਨ। ਉਨ੍ਹਾਂ ਇਸ ਸਕੂਲ ਵਿਖੇ ਆਪਣੀਆਂ ਇੱਕ ਦਹਾਕੇ ਤੋਂ ਵੱਧ ਦੀਆਂ ਸੇਵਾਵਾਂ ਦੌਰਾਨ ਸੰਸਥਾ ਦੀ ਇਮਾਰਤ, ਖੇਡਾਂ, ਪੜ੍ਹਾਈ, ਸੱਭਿਆਚਾਰ ਦੇ ਖੇਤਰ ਅੰਦਰ ਮਾਣ ਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਇਸ ਮੌਕੇ ਸੰਸਥਾ ਦੀ ਸੀਨੀਅਰ ਲੈਕਚਰਾਰ ਰਣਬੀਰ ਕੌਰ ਨੇ ਕਿਹਾ ਕਿ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਦਾ ਮਾਰਗ-ਦਰਸ਼ਨ ਹਮੇਸ਼ਾ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਹੌਸਲਾ ਭਰਪੂਰ ਰਿਹਾ ਹੈ। ਉਨ੍ਹਾਂ ਨੂੰ ਇਹ ਰਾਜ ਪੁਰਸਕਾਰ ਮਿਲਣ ਨਾਲ ਸਮੁੱਚੀ ਸੰਸਥਾ ਦਾ ਨਾਮ ਪੰਜਾਬ ਪੱਧਰ ਉੱਤੇ ਰੌਸ਼ਨ ਹੋਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਫਲ ਦੀ ਇੱਛਾ ਰੱਖੇ ਬਿਨ੍ਹਾਂ ਲਗਾਤਾਰ ਟੀਚੇ ਨੂੰ ਸਪਰਪਿਤ ਹੋਣਾ ਹੀ ਸਫ਼ਲਤਾ ਦਾ ਇੱਕੋ ਇੱਕ ਮੰਤਰ ਹੈ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਭਵਿੱਖ ਵਿਚ ਵੱਡੀ ਜਿੰਮੇਵਾਰੀਆਂ ਦਾ ਸੂਚਕ ਹੈ, ਜਿਸ ਲਈ ਉਨ੍ਹਾਂ ਦੀ ਸਮੁੱਚੀ ਟੀਮ ਪੂਰੀ ਤਨਦੇਹੀ ਨਾਲ ਕ੍ਰਿਆਸ਼ੀਲ ਰਹੇਗੀ। ਇਸ ਪ੍ਰਾਪਤੀ ਲਈ ਉਨ੍ਹਾਂ ਸਮੂਹ ਵਿਭਾਗੀ ਉੱਚ ਅਧਿਕਾਰੀਆਂ ਦੀ ਸੇਧ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਸਮਾਗਮ ਦੇ ਅੰਤ ਵਿਚ ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥਣਾਂ ਹਾਜ਼ਰ ਸਨ।