- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਕਰਤਾ ਜਾਗਰੂਕਤਾ ਹਫ਼ਤੇ ਤਹਿਤ ਨਹਿਰੂ ਸਟੇਡੀਅਮ ਰੂਪਨਗਰ ਵਿਖੇ 2 ਕਿਲੋਮੀਟਰ ਪੈਦਲ ਮਾਰਚ ਕਰਵਾਇਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਤਕਰਤਾ ਜਾਗਰੂਕਤਾ ਹਫ਼ਤੇ ਦੇ ਮੌਕੇ ’ਤੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ 2 ਕਿਲੋਮੀਟਰ ਦਾ ਪੈਦਲ ਮਾਰਚ ਕਰਵਾਇਆ ਗਿਆ। ਇਸ ਦਾ ਉਦੇਸ਼ ਸਤਕਰਤਾ ਜਾਗਰੂਕਤਾ ਹਫ਼ਤੇ ਦੇ ਵਿਸ਼ੇ ‘ਖੁਸ਼ਹਾਲੀ ਲਈ ਇਮਾਨਦਾਰੀ’ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਇਮਾਨਦਾਰੀ, ਪਾਰਦਰਸ਼ਤਾ ਤੇ ਨੈਤਿਕ ਆਚਰਣ ਪ੍ਰਤੀ ਜਾਗਰੂਕਤਾ ਵਧਾਉਣਾ ਸੀ। ਇਹ ਪ੍ਰੋਗਰਾਮ ਵਧੀਕ ਕਮਿਸ਼ਨਰ ਸਮ੍ਰਿਤਾ ਕੌਰ ਗਿੱਲ ਅਤੇ ਸਹਾਇਕ ਕਮਿਸ਼ਨਰ ਪ੍ਰੀਤ ਇੰਦਰ ਸਿੰਘ ਭਾਟੀਆ ਦੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ। ਪੈਦਲ ਮਾਰਚ ਵਿਚ ਡਿਪਟੀ ਕਮਿਸ਼ਨਰ ਦਫ਼ਤਰ, ਰੂਪਨਗਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਭਾਰਤੀ ਜੀਵਨ ਬੀਮਾ ਨਿਗਮ, ਆਮਦਨ ਕਰ ਵਿਭਾਗ ਅਤੇ ਯੂਕੋ ਬੈਂਕ ਦੇ ਨੁਮਾਇੰਦਿਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਭਾਰਤੀ ਜੀਵਨ ਬੀਮਾ ਨਿਗਮ ਦੇ ਨਰਿੰਦਰ ਕੁਮਾਰ, ਸਲਾਹਕਾਰ ਅਤੇ ਸਾਬਕਾ ਭਾਰਤੀ ਜਲ ਸੈਨਾ ਅਧਿਕਾਰੀ ਮਨਜੀਤ ਸਿੰਘ, ਸਲਾਹਕਾਰ ਆਮਦਨ ਕਰ ਵਿਭਾਗ ਦੇ ਅਭੈ ਬੈਂਸ, ਦਫ਼ਤਰੀ ਸੁਪਰਡੈਂਟ ਯੂਕੋ ਬੈਂਕ ਦੀ ਨਮਰਤਾ, ਸੀਨੀਅਰ ਮੈਨੇਜਰ ਅਤੇ ਨਹਿਰੂ ਸਟੇਡੀਅਮ ਦੀ ਕੋਚ ਤਨਵੀਰ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪੈਦਲ ਮਾਰਚ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਇਮਾਨਦਾਰੀ ਅਤੇ ਸੱਚੀ ਨੀਅਤ ਕਿਸੇ ਵੀ ਸੰਸਥਾ ਅਤੇ ਸਮਾਜ ਦੀ ਤਰੱਕੀ ਦੀ ਨੀਂਹ ਹਨ। ਜਨਤਕ ਜੀਵਨ ਅਤੇ ਪ੍ਰਸ਼ਾਸਨ ਵਿਚ ਪਾਰਦਰਸ਼ਤਾ, ਜਵਾਬਦੇਹੀ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾ ਕੇ ਹੀ ਸੁਚੱਜਾ ਪ੍ਰਸ਼ਾਸਨ ਅਤੇ ਖੁਸ਼ਹਾਲ ਰਾਸ਼ਟਰ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਦੇ ਸਮਾਪਨ ਮੌਕੇ ਸਹਾਇਕ ਕਮਿਸ਼ਨਰ ਪ੍ਰੀਤ ਇੰਦਰ ਸਿੰਘ ਭਾਟੀਆ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਪੈਦਲ ਮਾਰਚ ਵਿਚ ਭਾਗ ਲੈਣ ਵਾਲੇ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਇਹ ਉਪਰਾਲਾ ਸਤਕਰਤਾ ਜਾਗਰੂਕਤਾ ਹਫ਼ਤੇ ਦੇ ਉਦੇਸ਼ਾਂ ਨੂੰ ਸਾਕਾਰ ਕਰਨ ਅਤੇ ਸਮਾਜ ਵਿਚ ਇਮਾਨਦਾਰੀ, ਨੈਤਿਕ ਕਦਰਾਂ-ਕੀਮਤਾਂ ਅਤੇ ਭ੍ਰਿਸ਼ਟਾਚਾਰ-ਮੁਕਤ ਕਾਰਜ ਸੱਭਿਆਚਾਰ ਪ੍ਰਤੀ ਜਾਗਰੂਕਤਾ ਫੈਲਾਉਣ ਵੱਲ ਇੱਕ ਸਾਰਥਕ ਕਦਮ ਸਾਬਤ ਹੋਇਆ।