ਖੁੰਬਾਂ ਦੀ ਕਾਸ਼ਤ ਸਬੰਧੀ 5 ਰੋਜ਼ਾ ਸਿਖਲਾਈ ਕੋਰਸ ਸਫ਼ਲਤਾਪੂਰਵਕ ਸੰਪੰਨ ਕੇਵੀਕੇ. ਰੂਪਨਗਰ ਵਿਖੇ ਖੁੰਬਾਂ ਦੀ ਕਾਸ਼ਤ ਸਬੰਧੀ ਪੰਜ ਰੋਜ਼ਾ ਕਿੱਤਾ-ਮੁਖੀ ਸਿਖਲਾਈ ਕੋਰਸ ਸਫ਼ਲਤਾਪੂਰਵਕ ਸੰਪੰਨ
Publish Date: Thu, 05 Nov 2026 04:22 PM (IST)
Updated Date: Thu, 05 Nov 2026 04:23 PM (IST)
20 ਕਿਸਾਨਾਂ, ਕਿਸਾਨ ਬੀਬੀਆਂ ਤੇ ਪੇਂਡੂ ਨੌਜਵਾਨਾਂ ਨੇ ਲਿਆ ਭਾਗ ਖੁੰਬਾਂ ਦੀ ਕਾਸ਼ਤ ਨੂੰ ਆਮਦਨ ਤੇ ਸਵੈ-ਰੁਜ਼ਗਾਰ ਦਾ ਲਾਹੇਵੰਦ ਕਿੱਤਾ ਬਣਾਉਣ ਲਈ ਦਿੱਤੀ ਵਿਹਾਰਕ ਸਿਖਲਾਈ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਤੇ ਆਈਸੀਏਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਰੂਪਨਗਰ ਵਿਖੇ ਖੁੰਬਾਂ ਦੀ ਕਾਸ਼ਤ ਸਬੰਧੀ ਪੰਜ ਰੋਜ਼ਾ ਕਿੱਤਾ-ਮੁਖੀ ਸਿਖਲਾਈ ਕੋਰਸ ਸਫ਼ਲਤਾਪੂਰਵਕ ਕਰਵਾਇਆ ਗਿਆ। ਇਸ ਸਿਖਲਾਈ ਦਾ ਮੁੱਖ ਉਦੇਸ਼ ਕਿਸਾਨਾਂ, ਕਿਸਾਨ ਬੀਬੀਆਂ ਤੇ ਪੇਂਡੂ ਨੌਜਵਾਨਾਂ ਨੂੰ ਖੁੰਬਾਂ ਦੀ ਕਾਸ਼ਤ ਦੀਆਂ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਇਸ ਨੂੰ ਸਵੈ-ਰੁਜ਼ਗਾਰ ਤੇ ਆਮਦਨ ਦੇ ਇੱਕ ਲਾਹੇਵੰਦ ਸਾਧਨ ਵਜੋਂ ਅਪਣਾਉਣ ਲਈ ਉਤਸ਼ਾਹਿਤ ਕਰਨਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਟ ਡਾਇਰੈਕਟਰ (ਸਿਖਲਾਈ) ਕੇ.ਵੀ.ਕੇ. ਰੂਪਨਗਰ ਡਾ. ਸਤਬੀਰ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ’ਚ ਜ਼ਿਲ੍ਹਾ ਰੂਪਨਗਰ, ਐੱਸਏਐੱਸ. ਨਗਰ, ਫਤਹਿਗੜ੍ਹ ਸਾਹਿਬ ਤੇ ਚੰਡੀਗੜ੍ਹ ਤੋਂ ਕੁੱਲ 20 ਕਿਸਾਨਾਂ, ਕਿਸਾਨ ਬੀਬੀਆਂ ਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਤੇ ਕਿਸਾਨ ਬੀਬੀਆਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਸਮੇਂ-ਸਮੇਂ ’ਤੇ ਵੱਖ-ਵੱਖ ਕਿੱਤਾ-ਮੁਖੀ ਸਿਖਲਾਈ ਕੋਰਸ ਕਰਵਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਕਿੱਤਿਆਂ ਰਾਹੀਂ ਆਮਦਨ ਵਧਾਉਣ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਉਨ੍ਹਾਂ ਖੁੰਬਾਂ ਦੀ ਕਾਸ਼ਤ ਨੂੰ ਘੱਟ ਸਮੇਂ ’ਚ ਆਮਦਨ ਪ੍ਰਦਾਨ ਕਰਨ ਦੀ ਸਮਰੱਥਾ ਰੱਖਣ ਵਾਲਾ ਇੱਕ ਲਾਹੇਵੰਦ ਕਿੱਤਾ ਦੱਸਦਿਆਂ ਨੌਜਵਾਨਾਂ ਨੂੰ ਇਸ ਖੇਤਰ ’ਚ ਉੱਦਮੀ ਵਜੋਂ ਅੱਗੇ ਆਉਣ ਤੇ ਆਪਣਾ ਸਵੈ-ਰੁਜ਼ਗਾਰ ਸਥਾਪਿਤ ਕਰਨ ਲਈ ਪ੍ਰੇਰਿਤ ਕੀਤਾ। ਸਿਖਲਾਈ ਕੋਰਸ ਦੇ ਕੋਆਰਡੀਨੇਟਰ ਪ੍ਰੋਫੈਸਰ (ਸਬਜ਼ੀ ਵਿਗਿਆਨ) ਡਾ. ਸੰਜੀਵ ਅਹੂਜਾ ਨੇ ਸਿਖਿਆਰਥੀਆਂ ਨੂੰ ਬਟਨ, ਢੀਂਗਰੀ ਤੇ ਸ਼ਿਟਾਕੀ ਖੁੰਬਾਂ ਦੀ ਕਾਸ਼ਤ ਦੀ ਸਮੁੱਚੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਖੁੰਬਾਂ ਦੀ ਪੈਦਾਵਾਰ ਲਈ ਕੰਪੋਸਟ ਤਿਆਰ ਕਰਨ, ਸਪਾਨਿੰਗ, ਬੈਗਿੰਗ, ਪੈਕਿੰਗ, ਭੰਡਾਰਨ ਤੇ ਮੰਡੀਕਰਨ ਵਰਗੇ ਅਹਿਮ ਪਹਿਲੂਆਂ ਬਾਰੇ ਸਿਧਾਂਤਕ ਤੇ ਵਿਹਾਰਕ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਖੁੰਬਾਂ ਦੀ ਫ਼ਸਲ ’ਤੇ ਹਮਲਾ ਕਰਨ ਵਾਲੇ ਕੀੜੇ-ਮਕੌੜਿਆਂ ਤੇ ਬਿਮਾਰੀਆਂ, ਉਨ੍ਹਾਂ ਦੇ ਲੱਛਣਾਂ ਤੇ ਰੋਕਥਾਮ ਦੇ ਤਰੀਕਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਗਰਮੀਆਂ ਦੇ ਮੌਸਮ ’ਚ ਖੁੰਬਾਂ ਦੀ ਕਾਸ਼ਤ ਕਰਨ ਦੀਆਂ ਤਕਨੀਕਾਂ ਬਾਰੇ ਵਿਸ਼ੇਸ਼ ਸੈਸ਼ਨ ਵੀ ਕਰਵਾਇਆ ਗਿਆ। ਸਿੱਖਿਆਰਥੀਆਂ ਨੂੰ ਸਿਰਫ਼ ਸਿਧਾਂਤਕ ਜਾਣਕਾਰੀ ਹੀ ਨਹੀਂ ਦਿੱਤੀ ਗਈ, ਸਗੋਂ ਸਪਾਨਿੰਗ, ਬੈਗਿੰਗ ਤੇ ਕੰਪੋਸਟ ਤਿਆਰ ਕਰਨ ਵਰਗੇ ਕਾਰਜਾਂ ਦਾ ਵਿਹਾਰਕ ਤਜ਼ਰਬਾ ਵੀ ਕਰਵਾਇਆ ਗਿਆ। ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਰੂਪਨਗਰ ਡਾ. ਚਤਰਜੀਤ ਸਿੰਘ ਰਤਨ ਨੇ ਖੁੰਬਾਂ ਦੀ ਕਾਸ਼ਤ ਨੂੰ ਇੱਕ ਉੱਦਮ ਵਜੋਂ ਸ਼ੁਰੂ ਕਰਨ ਸਬੰਧੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਬਸਿਡੀਆਂ, ਵੱਖ-ਵੱਖ ਸਰਕਾਰੀ ਯੋਜਨਾਵਾਂ ਤੇ ਬਾਗਬਾਨੀ ਵਿਭਾਗ ਦੀਆਂ ਹੋਰ ਸਹਾਇਕ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਿਖਿਆਰਥੀਆਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਕੇ ਇਸ ਕਿੱਤੇ ਨੂੰ ਵਪਾਰਕ ਪੱਧਰ ਤੇ ਅਪਣਾਉਣ ਲਈ ਪ੍ਰੇਰਿਤ ਕੀਤਾ। ਸਿਖਲਾਈ ਕੋਰਸ ਦੇ ਹਿੱਸੇ ਵਜੋਂ ਸਿਖਿਆਰਥੀਆਂ ਨੂੰ ਪਿੰਡ ਭੈਣੀ, ਨੂਰਪੁਰ ਬੇਦੀ ਵਿਖੇ ਸਥਿਤ ਗਰੇਵਾਲ ਮਸ਼ਰੂਮ ਫਾਰਮ ਦਾ ਵਿਦਿਅਕ ਦੌਰਾ ਵੀ ਕਰਵਾਇਆ ਗਿਆ। ਇਹ ਫਾਰਮ ਵਪਾਰਕ ਪੱਧਰ ਤੇ ਖੁੰਬਾਂ ਦੀ ਕਾਸ਼ਤ ਕਰ ਰਿਹਾ ਹੈ। ਇਸ ਦੌਰੇ ਦੌਰਾਨ ਸਿਖਿਆਰਥੀਆਂ ਨੇ ਬੰਕਰਾਂ ’ਚ ਕੰਪੋਸਟ ਤਿਆਰ ਕਰਨ ਦੀ ਪ੍ਰਕਿਰਿਆ ਤੇ ਕੱਚੇ ਸ਼ੈੱਡਾਂ ਦੇ ਨਾਲ-ਨਾਲ ਏਅਰ ਕੰਡੀਸ਼ਨਿੰਗ ਪ੍ਰਣਾਲੀ ਨਾਲ ਲੈਸ ਪੱਕੇ ਕਮਰਿਆਂ ’ਚ ਖੁੰਬਾਂ ਦੀ ਪੈਦਾਵਾਰ ਕਰਨ ਦੇ ਤਰੀਕਿਆਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ। ਇਸ ਸਿਖਲਾਈ ਕੋਰਸ ਰਾਹੀਂ ਸਿਖਿਆਰਥੀਆਂ ਨੂੰ ਖੁੰਬਾਂ ਦੀ ਕਾਸ਼ਤ ਦੀਆਂ ਆਧੁਨਿਕ ਤਕਨੀਕਾਂ, ਉਤਪਾਦਨ ਪ੍ਰਕਿਰਿਆ, ਸਰਕਾਰੀ ਸਹੂਲਤਾਂ ਤੇ ਵਪਾਰਕ ਸੰਭਾਵਨਾਵਾਂ ਬਾਰੇ ਵਡਮੁੱਲੀ ਜਾਣਕਾਰੀ ਪ੍ਰਾਪਤ ਹੋਈ, ਜਿਸ ਨਾਲ ਉਨ੍ਹਾਂ ਨੂੰ ਇਸ ਕਿੱਤੇ ਨੂੰ ਆਮਦਨ ਦੇ ਇੱਕ ਸਥਾਈ ਤੇ ਲਾਹੇਵੰਦ ਸਾਧਨ ਵਜੋਂ ਅਪਣਾਉਣ ’ਚ ਮਦਦ ਮਿਲੇਗੀ।