ਤਹਿਸੀਲਦਾਰ ਸੁਮਿਤ ਢਿੱਲੋਂ ਵੱਲੋਂ ਪਟਾਕਾ ਮਾਰਕੀਟ ਦੀ ਚੈਕਿੰਗ ਦੀਵਾਲੀ ਨੂੰ ਲੈ ਕੇ ਨੰਗਲ ਪ੍ਰਸ਼ਾਸਨ ਅਲਰਟ ਤਹਿਸੀਲਦਾਰ ਸੁਮਿਤ ਢਿੱਲੋਂ ਵੱਲੋਂ ਪਟਾਕਾ ਮਾਰਕੀਟ ਦੀ ਚੈਕਿੰਗ
Publish Date: Sat, 07 Nov 2026 03:16 PM (IST)
Updated Date: Sat, 07 Nov 2026 03:17 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ, ਜਾਨੀ-ਮਾਲੀ ਨੁਕਸਾਨ ਤੋਂ ਬਚਣ ਲਈ ਨੰਗਲ ਪ੍ਰਸ਼ਾਸਨ ਵੱਲੋਂ ਪਟਾਕਾ ਮਾਰਕੀਟ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦਾ ਮੁੱਖ ਮਕਸਦ ਤਿਉਹਾਰਾਂ ਦੇ ਸੀਜ਼ਨ ’ਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਨੰਗਲ ਦੇ ਤਹਿਸੀਲਦਾਰ ਸੁਮਿਤ ਢਿੱਲੋਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚੈਕਿੰਗ ਐੱਸਡੀਐਮ ਸਾਹਿਬ ਦੇ ਆਦੇਸ਼ਾਂ ਅਨੁਸਾਰ ਕੀਤੀ ਜਾ ਰਹੀ ਹੈ ਤਾਂ ਜੋ ਪਟਾਕਿਆਂ ਕਾਰਨ ਹੋਣ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀ ਟੀਮ ਵੱਲੋਂ ਮਾਰਕੀਟ ’ਚ ਜਾ ਕੇ ਦੁਕਾਨਦਾਰਾਂ ਦੇ ਲਾਇਸੈਂਸ ਚੈੱਕ ਕੀਤੇ ਗਏ ਹਨ। ਜਿਨ੍ਹਾਂ ਵਿਕਰੇਤਾਵਾਂ ਕੋਲ ਲਾਇਸੈਂਸ ਨਹੀਂ ਹਨ, ਉਨ੍ਹਾਂ ਨੂੰ ਪਟਾਕੇ ਨਾ ਵੇਚਣ ਦੀ ਸਖ਼ਤ ਹਦਾਇਤ ਕੀਤੀ ਗਈ ਹੈ ਤੇ ਆਪਣਾ ਲਾਇਸੈਂਸ ਅਪਲਾਈ ਕਰਨ ਲਈ ਕਿਹਾ ਗਿਆ ਹੈ। ਤਹਿਸੀਲਦਾਰ ਢਿੱਲੋਂ ਨੇ ਦੱਸਿਆ ਕਿ ਦੁਕਾਨਦਾਰਾਂ ਨੂੰ ਅੱਗ ਬੁਝਾਉਣ ਲਈ ਰੇਤੀ ਦੀਆਂ ਬਾਲਟੀਆਂ ਅਤੇ ਪਾਣੀ ਦਾ ਪ੍ਰਬੰਧ ਲਾਜ਼ਮੀ ਤੌਰ ’ਤੇ ਰੱਖਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ, ਕਿਸੇ ਵੀ ਰਿਹਾਇਸ਼ੀ ਇਲਾਕੇ ’ਚ ਪਟਾਕੇ ਵੇਚਣ ’ਤੇ ਸਖ਼ਤੀ ਨਾਲ ਰੋਕ ਲਗਾਈ ਗਈ ਹੈ। ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਪਟਾਕੇ ਸਿਰਫ਼ ਪ੍ਰਸ਼ਾਸਨ ਵੱਲੋਂ ਤੈਅ ਕੀਤੀ ਗਈ ਜਗ੍ਹਾ ’ਤੇ ਹੀ ਵੇਚੇ ਜਾਣ ਤੇ ਲੋਕ ਵੀ ਤਿਉਹਾਰ ਨੂੰ ਜ਼ਿੰਮੇਵਾਰੀ ਨਾਲ ਮਨਾਉਣ। ਜੇਕਰ ਕੋਈ ਬਿਨਾਂ ਮਨਜ਼ੂਰੀ ਤੋਂ ਰਿਹਾਇਸ਼ੀ ਇਲਾਕੇ ’ਚ ਪਟਾਕੇ ਵੇਚਦਾ ਪਾਇਆ ਜਾਂਦਾ ਹੈ, ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।