ਖਸਤਾਹਾਲ ਸੜਕ ਅਤੇ ਗੰਦੇ ਪਾਣੀ ਤੋਂ ਤੰਗ ਪਿੰਡ ਵਾਸੀਆਂ ਨੇ ਲਗਾਇਆ ਧਰਨਾ ਖਸਤਾਹਾਲ ਸੜਕ ਅਤੇ ਗੰਦੇ ਪਾਣੀ ਤੋਂ ਤੰਗ ਪਿੰਡ ਵਾਸੀਆਂ ਨੇ ਲਗਾਇਆ ਧਰਨਾ
Publish Date: Sat, 12 Sep 2026 06:40 PM (IST)
Updated Date: Sat, 12 Sep 2026 06:41 PM (IST)
ਸਰਪੰਚ ਤੇ ਪ੍ਰਸ਼ਾਸਨ ਖਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਵਿਖੇ ਪਿੰਡ ਬਲਦੇਵ ਨਗਰ ਨੂੰ ਜੋੜਨ ਵਾਲਾ ਇੱਕੋ-ਇੱਕ ਮੁੱਖ ਰਸਤਾ ਡੂੰਘੇ ਟੋਇਆਂ, ਬਰਸਾਤੀ ਪਾਣੀ ਅਤੇ ਚਿੱਕੜ ਕਾਰਨ ਪਿੰਡ ਵਾਸੀਆਂ ਲਈ ਵੱਡੀ ਪਰੇਸ਼ਾਨੀ ਬਣ ਚੁੱਕਾ ਹੈ। ਸਰਪੰਚ ਅਤੇ ਪ੍ਰਸ਼ਾਸਨ ਦੀ ਕਥਿਤ ਅਣਗਹਿਲੀ ਤੋਂ ਦੁਖੀ ਹੋ ਕੇ ਪਿੰਡ ਵਾਸੀਆਂ ਵੱਲੋਂ ਰਸਤਾ ਬੰਦ ਕਰਕੇ ਰੋਸ ਧਰਨਾ ਦਿੱਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਗੁਰਪ੍ਰੀਤ, ਵਲੈਤੀ, ਪਿੰਕੀ, ਵਕੀਲ, ਰਾਮਪਾਲ, ਸੁਖਦੇਵ, ਵਿੱਕੀ ਆਦਿ ਨੇ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਕਰੀਬ 15 ਸਾਲ ਪਹਿਲਾਂ ਹੋਇਆ ਸੀ, ਜਿਸ ਤੋਂ ਬਾਅਦ ਇਸ ਦੀ ਕੋਈ ਸਾਰ ਨਹੀਂ ਲਈ ਗਈ। ਅੱਜ ਸੜਕ ਦੀ ਹਾਲਤ ਅਤਿ ਤਰਸਯੋਗ ਬਣੀ ਹੋਈ ਹੈ। ਇਸ ਮਾਮਲੇ ਸਬੰਧੀ ਸਰਪੰਚ ਸਿਕੰਦਰ ਦਾਸ ਨਾਲ ਬਾਰ-ਬਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਨ੍ਹਾਂ ਫੋਨ ਰਿਸੀਵ ਨਹੀਂ ਕੀਤਾ। ======================= ਬਾਕਸ= ਦੁਕਾਨਾਂ ’ਚ ਵੜਿਆ ਪਾਣੀ, ਮੱਛਰਾਂ ਕਾਰਨ ਬਿਮਾਰੀਆਂ ਦਾ ਖਤਰਾ ਪਿੰਡ ਵਾਸੀਆਂ ਸੋਨੂ, ਹਰਸ਼, ਰਜਿੰਦਰ, ਸਾਹਿਲ, ਕ੍ਰਿਸ਼ਨ, ਕੁਲਦੀਪ, ਬਿੰਦਰੂ, ਬਸੰਤ, ਗੋਪਾਲ, ਸਿੰਦਾ, ਸ਼ੌਂਕੀ ਆਦਿ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਬਰਸਾਤੀ ਪਾਣੀ ਸੜਕ ਕਿਨਾਰੇ ਬਣੀਆਂ ਦੁਕਾਨਾਂ ਅੰਦਰ ਵੜ ਜਾਂਦਾ ਹੈ। ਇਸ ਦੇ ਕਾਰਨ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਸਾਮਾਨ ਖਰਾਬ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਥਾਂ-ਥਾਂ ਖੜੇ ਗੰਦੇ ਪਾਣੀ ’ਚ ਪਣਪ ਰਹੇ ਮੱਛਰਾਂ ਕਾਰਨ ਪਿੰਡ ਵਿਚ ਬਿਮਾਰੀਆਂ ਫੈਲਣ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ। ਲੋਕਾਂ ਨੇ ਅਰੋਪ ਲਗਾਏ ਕਿ ਉਹ ਸਰਪੰਚ ਸਿਕੰਦਰ ਦਾਸ ਗੋਗੀ ਕੋਲ ਅਨੇਕਾਂ ਵਾਰ ਗੁਹਾਰ ਲਗਾ ਚੁੱਕੇ ਹਨ, ਪ੍ਰੰਤੂ ਉਨ੍ਹਾਂ ਦੇ ਕੰਨ ’ਤੇ ਜੂੰ ਨਹੀਂ ਸਰਕਦੀ। =================================== ਬਾਕਸ੍- ਸਕੂਲੀ ਬੱਚੇ, ਔਰਤਾਂ ਅਤੇ ਬਜ਼ੁਰਗਾਂ ਦੇ ਬੁਰੇ ਹਾਲ- ਪਿੰਡ ਵਾਸੀਆਂ ਨੇ ਦੱਸਿਆ ਕਿ ਖਰਾਬ ਸੜਕ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਬੱਚੇ ਚਿੱਕੜ ਵਿਚ ਡਿੱਗ ਕੇ ਸੱਟਾਂ ਖਾ ਚੁੱਕੇ ਹਨ ਅਤੇ ਉਨ੍ਹਾਂ ਦੇ ਕੱਪੜੇ ਖਰਾਬ ਹੋਣ ਕਾਰਨ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ। ਰੋਜ਼ਾਨਾ ਸ਼ਹਿਰ ਸਮਾਨ ਲੈਣ ਜਾਂ ਕੰਮਕਾਰ ਲਈ ਜਾਣ ਵਾਲੀਆਂ ਔਰਤਾਂ ਅਤੇ ਬਜ਼ੁਰਗਾਂ ਲਈ ਵੀ ਇਸ ਰਸਤੇ ਤੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਸੜਕ ਦੀ ਪਹਿਲ ਦੇ ਆਧਾਰ ’ਤੇ ਮੁਰੰਮਤ ਨਾ ਕੀਤੀ ਗਈ ਅਤੇ ਨਿਕਾਸੀ ਦਾ ਯੋਗ ਹੱਲ੍ਹ ਨਾ ਲੱਭਿਆ ਗਿਆ, ਤਾਂ ਉਹ ਤਿੱਖਾ ਸੰਘਰਸ਼ ਵਿਢਣ ਲਈ ਮਜ਼ਬੂਰ ਹੋਣਗੇ।