ਯੂਨੀਅਨ ਆਗੂਆਂ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ਰੂ ਕਰਵਾਉਣ ਦੀ ਕੀਤੀ ਮੰਗ ਯੂਨੀਅਨ ਆਗੂਆ ਨੇ ਝੋਨੇ ਦੀ ਸਰਕਾਰੀ ਖਰੀਦ ਸ਼ਰੂ ਕਰਵਾਉਣ ਦੀ ਕੀਤੀ ਮੰਗ
Publish Date: Fri, 18 Sep 2026 03:50 PM (IST)
Updated Date: Fri, 18 Sep 2026 03:53 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਿੱਲ, ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜਗਮੀਤ ਸਿੰਘ ਬਾਠ ਮੁਗਲ ਮਾਜਰੀ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਣ ਤੇ ਮੰਡੀ ’ਚੋਂ ਕਣਕ ਦੀਆਂ ਬੋਰੀਆਂ ਨਾਲ ਭਰੀਆਂ ਮੰਡੀਆਂ ਨੂੰ ਖਾਲੀ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਝੋਨੇ ਦੀ ਪਹਿਲੀ ਜੂਨ ਤੋਂ ਲਵਾਈ ਸ਼ੁਰੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਕਿਸਾਨਾਂ ਨੇ ਉਸ ਮੁਤਾਬਕ ਝੋਨੇ ਦੀ ਲਵਾਈ ਸ਼ੁਰੂ ਕੀਤੀ ਅੱਜ ਲਗਭਗ 106 ਦਿਨ ਦੀ ਝੋਨੇ ਦੀ ਫ਼ਸਲ ਹੋ ਗਈ ਹੈ, ਕਈ ਕਿਸਮ ਘੱਟ ਸਮੇਂ ਵਿਚ ਪੱਕ ਗਈਆਂ ਜਿਨ੍ਹਾਂ ਦੀ ਕਟਾਈ ਹੋਣ ਕਰਕੇ ਕਿਸਾਨਾਂ ਵੱਲੋ ਮੰਡੀਆਂ ਵਿਚ ਲਿਆਂਦਾ ਗਿਆ ਪਰ ਬਹੁਤ ਅਫਸੋਸ ਦੀ ਗੱਲ ਹੈ ਸਰਕਾਰ ਨੇ ਪਹਿਲੀ ਅਕਤੂਬਰ ਨੂੰ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾਕਿ ਜਦੋਂ ਸਰਕਾਰ ਨੇ ਝੋਨੇ ਦੀ ਬਿਜਾਈ ਅਗੇਤੀ ਕਰਵਾਈ ਹੈ ਤਾਂ ਖ਼ਰੀਦ ਵੀ ਅਗੇਤੀ ਸ਼ੁਰੂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾਕਿ ਹੁਣ ਕਿਸਾਨ ਦੀ ਫ਼ਸਲ ਪੱਕੀ ਖੜ੍ਹੀ ਹੈ, ਮੌਸਮ ਦਾ ਕੋਈ ਪਤਾ ਨਹੀਂ ਕਦੋਂ ਖ਼ਰਾਬ ਹੋ ਜਾਵੇ ਤਾਂ ਅਜਿਹੇ ਹਲਾਤਾਂ ਵਿਚ ਕਿਸਾਨ ਕਿੱਥੇ ਜਾਵੇ, ਸਰਕਾਰ ਦੱਸੇ। ਉਨ੍ਹਾਂ ਕਿਹਾਕਿ ਪਿਛਲੇ ਦਿਨੀ ਝੋਨੇ ਦੀ ਫ਼ਸਲ ਵੇਚਣ ਲਈ ਕਿਸਾਨ ਮੰਡੀ ਪਹੁੰਚੇ ਤਾਂ ਅਧਿਕਾਰੀਆ ਨੇ ਵਾਪਸ ਮੋੜ ਦਿੱਤੇ ਤੇ ਆੜ੍ਹਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ। ਉਨ੍ਹਾਂ ਡਿਪਟੀ ਕਮਿਸ਼ਨਰ ਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਝੋਨੇ ਦੀ ਫ਼ਸਲ ਦੀ ਖ਼ਰੀਦ ਜਲਦ ਸ਼ੁਰੂ ਕਰਵਾਉਣ ਤਾਂ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ। ਇਸ ਮੌਕੇ ਸੋਹਣ ਸਿੰਘ ਮਗਰੋੜ, ਲਖਵੀਰ ਸਿੰਘ ਮੁਗਲ ਮਾਜਰੀ, ਸਤਵਿੰਦਰ ਸਿੰਘ ਬਬਾਨੀ, ਸੁਖਵਿੰਦਰ ਸਿੰਘ ਚਟੋਲੀ, ਸ਼ਮਸੇਰ ਸਿੰਘ ਮਗਰੋੜ ਆਦਿ ਆਗੂ ਹਾਜਰ ਸਨ।