- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 234 ਮਰੀਜ਼ਾਂ ਦੇ ਮੋਤੀਆਬਿੰਦ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਗਏ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਯੋਜਨਾ ਤਹਿਤ ਸਿਵਲ ਹਸਪਤਾਲ ਰੂਪਨਗਰ ਵਿਖੇ 2 ਅਪ੍ਰੈਲ ਤੋਂ ਲੈ ਕੇ ਹੁਣ ਤੱਕ 234 ਮਰੀਜ਼ਾਂ ਦੇ ਮੋਤੀਆਬਿੰਦ ਦੇ ਆਪ੍ਰੇਸ਼ਨ ਬਿਲਕੁਲ ਮੁਫ਼ਤ ਕੀਤੇ ਜਾ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਰੂਪਨਗਰ ਦੇ ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰ ਗਿਰਾ ਨੇ ਦੱਸਿਆ ਕਿ ਮੋਤੀਆਬਿੰਦ ਅੱਖਾਂ ਦੀ ਇੱਕ ਆਮ ਬਿਮਾਰੀ ਹੈ, ਜਿਸ ’ਚ ਅੱਖ ਦੇ ਕੁਦਰਤੀ ਲੈਂਜ ਉੱਤੇ ਧੁੰਦਲਾਪਣ ਆ ਜਾਂਦਾ ਹੈ। ਇਸ ਕਾਰਨ ਵਿਅਕਤੀ ਦੀ ਨਜ਼ਰ ਹੌਲੀ-ਹੌਲੀ ਕਮਜ਼ੋਰ ਹੋਣ ਲੱਗਦੀ ਹੈ ਤੇ ਉਸ ਨੂੰ ਰੋਜ਼ਾਨਾ ਦੇ ਕੰਮ ਕਰਨ ’ਚ ਵੀ ਮੁਸ਼ਕਲ ਆਉਣ ਲੱਗਦੀ ਹੈ। ਸਮੇਂ ਸਿਰ ਇਲਾਜ ਨਾ ਕਰਵਾਉਣ ਕਾਰਨ ਮਰੀਜ਼ ਦੀ ਦੇਖਣ ਦੀ ਸਮਰੱਥਾ ਕਾਫ਼ੀ ਪ੍ਰਭਾਵਿਤ ਹੋ ਸਕਦੀ ਹੈ।
ਡਾਕਟਰ ਗਿਰਾ ਨੇ ਦੱਸਿਆ ਕਿ ਨਿੱਜੀ ਹਸਪਤਾਲ ’ਚ ਮੋਤੀਆਬਿੰਦ ਦੇ ਇੱਕ ਆਪ੍ਰੇਸ਼ਨ ਤੇ ਲੈਂਜ ਪਾਉਣ ਉੱਤੇ ਲਗਭਗ 15 ਹਜ਼ਾਰ ਤੋਂ 20 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਖਰਚਾ ਆ ਸਕਦਾ ਹੈ। ਪਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਹਸਪਤਾਲ ’ਚ ਇਹ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਨਜ਼ਰ ਧੁੰਦਲੀ ਹੋਣ, ਰਾਤ ਸਮੇਂ ਦੇਖਣ ’ਚ ਮੁਸ਼ਕਲ ਆਉਣ, ਰੌਸ਼ਨੀ ਦੇ ਆਲੇ-ਦੁਆਲੇ ਚਮਕ ਜਾਂ ਪੜ੍ਹਨ ਸਮੇਂ ਦਿੱਕਤ ਆਉਣ ਵਰਗੀਆਂ ਸਮੱਸਿਆਵਾਂ ਮਹਿਸੂਸ ਹੁੰਦੀਆਂ ਹਨ ਤਾਂ ਉਹ ਅੱਖਾਂ ਦੇ ਮਾਹਰ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਉਣ। ਮੋਤੀਆਬਿੰਦ ਦਾ ਸਮੇਂ ਸਿਰ ਪਤਾ ਲੱਗਣ ਤੇ ਸਹੀ ਇਲਾਜ ਨਾਲ ਨਜ਼ਰ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਲੋਕਾਂ ਨੂੰ ਆਪਣੀ ਮਰਜ਼ੀ ਨਾਲ ਦਵਾਈਆਂ ਜਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਦੀ ਬਜਾਏ ਮਾਹਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।