ਹਿਮਾਲਿਆ ਸਕੂਲ ’ਚ ਦਸਤਾਰਬੰਦੀ ਮੁਕਾਬਲਾ ਹਿਮਾਲਿਆ ਸਕੂਲ ਵਿਖੇ ਦਸਤਾਰਬੰਦੀ ਮੁਕਾਬਲਾ ਕਰਵਾਇਆ
Publish Date: Sat, 28 Nov 2026 05:03 PM (IST)
Updated Date: Sat, 28 Nov 2026 05:04 PM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੁਜ਼ਾਫ਼ਤ ਵਿਖੇ ਸਿੱਖ ਵਿਰਾਸਤ, ਸੱਭਿਆਚਾਰ ਤੇ ਦਸਤਾਰ ਦੀ ਮਹੱਤਤਾ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਵੱਖ-ਵੱਖ ਅੰਦਾਜ਼ਾਂ ’ਚ ਸੁੰਦਰ ਦਸਤਾਰਾਂ ਸਜਾ ਕੇ ਆਪਣੀ ਕਲਾ ਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ਨੂੰ ਤਿੰਨ ਵਰਗਾਂ ’ਚ ਵੰਡਿਆ ਗਿਆ। ਪਹਿਲੇ ਵਰਗ ’ਚ ਸਹਿਜਪ੍ਰੀਤ ਸਿੰਘ ਨੇ ਪਹਿਲਾ, ਏਕਮਵੀਰ ਸਿੰਘ ਤੇ ਅਖੰਡਜੋਤ ਸਿੰਘ ਨੇ ਸਾਂਝੇ ਤੌਰ ’ਤੇ ਦੂਜਾ, ਜਦਕਿ ਪਰਮਜੀਤ ਸਿੰਘ ਤੇ ਦਮਨਦੀਪ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਵਰਗ ’ਚ ਅੰਮ੍ਰਿਤ ਸਿੰਘ ਨੇ ਪਹਿਲਾ, ਪਰਮਿੰਦਰ ਸਿੰਘ ਨੇ ਦੂਜਾ ਤੇ ਜਸਕਰਨ ਬਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਤੀਜੇ ਵਰਗ ਵਿੱਚ ਅਮਰਜੀਤ ਸਿੰਘ ਨੇ ਪਹਿਲਾ, ਬਲਜੀਤ ਸਿੰਘ ਨੇ ਦੂਜਾ ਤੇ ਪਰਮਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤੇ ਸਮੂਹ ਅਧਿਆਪਕਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਸਤਾਰ ਸਿੱਖ ਕੌਮ ਦੀ ਸ਼ਾਨ, ਸਵੈਮਾਣ, ਅਨੁਸ਼ਾਸਨ ਤੇ ਵਿਲੱਖਣ ਪਛਾਣ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੱਭਿਆਚਾਰਕ ਉਪਰਾਲੇ ਨਵੀਂ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨ ਤੇ ਇਸ ਦੀ ਸੰਭਾਲ ਲਈ ਪ੍ਰੇਰਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।