ਗ੍ਰਾਮ ਪੰਚਾਇਤ ਭਲਿਆਣ ਨੇ ਹਾਸਲ ਕੀਤਾ ਪਹਿਲਾ ਸਥਾਨ ਗ੍ਰਾਮ ਪੰਚਾਇਤ ਭਲਿਆਣ ਦਾ ਦੋ ਸਾਲਾਂ ਦਾ ਰਿਪੋਰਟ ਕਾਰਡ ਜਾਰੀ
Publish Date: Wed, 14 Oct 2026 05:00 PM (IST)
Updated Date: Wed, 14 Oct 2026 05:03 PM (IST)
ਪੀਏਆਈ. ਸਕੋਰ ਵਧ ਕੇ 71.65 ਹੋਇਆ ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਗ੍ਰਾਮ ਪੰਚਾਇਤ ਭਲਿਆਣ ਦੇ ਦੋ ਸਾਲ ਪੂਰੇ ਹੋਣ ਮੌਕੇ ਪੰਚਾਇਤ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕਰਵਾਏ ਵਿਕਾਸ ਕਾਰਜਾਂ ਅਤੇ ਲੋਕ-ਭਲਾਈ ਦੇ ਉਪਰਾਲਿਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਸਰਪੰਚ ਸਤਵੀਰ ਸਿੰਘ ਸੱਤੀ ਨੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਕੀਤੇ ਵਾਅਦਿਆਂ ’ਚੋਂ ਲਗਭਗ 70 ਫ਼ੀਸਦੀ ਵਾਅਦੇ ਪੰਚਾਇਤ ਵੱਲੋਂ ਦੋ ਸਾਲਾਂ ਦੇ ਅਰਸੇ ਦੌਰਾਨ ਹੀ ਪੂਰੇ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਸਿਹਤ, ਸਿੱਖਿਆ, ਖੇਡਾਂ, ਸਫ਼ਾਈ, ਵਾਤਾਵਰਨ ਸੰਭਾਲ, ਸੜਕਾਂ ਅਤੇ ਸਮਾਜਿਕ ਭਲਾਈ ਨੂੰ ਤਰਜੀਹ ਦਿੱਤੀ ਗਈ ਹੈ। ਸਰਪੰਚ ਸੱਤੀ ਨੇ ਦੱਸਿਆ ਕਿ ਪੰਚਾਇਤ ਦੀ ਇੱਕ ਅਹਿਮ ਪ੍ਰਾਪਤੀ ਪੰਚਾਇਤ ਐਡਵਾਂਸਮੈਂਟ ਇੰਡੈਕਸ (ਪੀ.ਏ.ਆਈ.) ਦੇ ਸਕੋਰ ਵਿਚ ਸੁਧਾਰ ਹੈ। ਦੋ ਸਾਲ ਪਹਿਲਾਂ ਪਿੰਡ ਦਾ ਸਕੋਰ 100 ’ਚੋਂ 53.61 ਸੀ, ਜੋ ਹੁਣ ਵਧ ਕੇ 71.65 ਹੋ ਗਿਆ ਹੈ। ਇਸ ਦੇ ਨਾਲ ਹੀ ਭਲਿਆਣ ਨੇ ਬਲਾਕ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਨਵੀਂ ਆਂਗਨਵਾੜੀ ਕੇਂਦਰ ਦੀ ਇਮਾਰਤ ਤਿਆਰ ਕਰਵਾਈ ਗਈ ਹੈ ਅਤੇ ਪੁਰਾਣੀ ਸਿਵਲ ਡਿਸਪੈਂਸਰੀ ਦੀ ਥਾਂ ਆਯੁਸ਼ਮਾਨ ਅਰੋਗਿਆ ਕੇਂਦਰ ਸਥਾਪਿਤ ਕੀਤਾ ਗਿਆ ਹੈ। ਪਿੰਡ ਵਾਸੀਆਂ ਦੀ ਸਹੂਲਤ ਲਈ ਮਹਾਰਾਣੀ ਜਿੰਦ ਕੌਰ ਪਾਰਕ ਤਿਆਰ ਕੀਤਾ ਗਿਆ ਹੈ, ਜਿੱਥੇ ਬੱਚਿਆਂ ਲਈ ਝੂਲਿਆਂ ਅਤੇ ਬਜ਼ੁਰਗਾਂ ਲਈ ਕੁਰਸੀਆਂ ਤੇ ਛੱਤ ਵਾਲੇ ਸ਼ੈੱਡ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ‘ਹਰ ਪਿੰਡ ਖੇਡ ਮੈਦਾਨ’ ਯੋਜਨਾ ਤਹਿਤ ਫੁੱਟਬਾਲ ਅਤੇ ਵਾਲੀਬਾਲ ਦੇ ਮੈਦਾਨ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਲਟਕ ਰਹੇ ਖੇਡ ਮੈਦਾਨ ਦੀ ਮਿਣਤੀ ਦਾ ਕੰਮ ਪੂਰਾ ਕਰਵਾਇਆ ਗਿਆ ਹੈ। ਸਫ਼ਾਈ ਅਤੇ ਵਾਤਾਵਰਨ ਸੰਭਾਲ ਬਾਰੇ ਸਰਪੰਚ ਨੇ ਦੱਸਿਆ ਕਿ ਪਿੰਡ ਵਿਚ ਘਰ-ਘਰ ਤੋਂ ਕੂੜਾ ਇਕੱਠਾ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਲਗਭਗ 20 ਸਾਲਾਂ ਬਾਅਦ ਛੱਪੜ ਦੀ ਸਫ਼ਾਈ ਕਰਵਾਈ ਗਈ ਅਤੇ ਰੰਗਲਾ ਪੰਜਾਬ ਯੋਜਨਾ ਤਹਿਤ ਮਿਲੀ ਗ੍ਰਾਂਟ ਨਾਲ ਛੱਪੜ ਦੀ ਸੁਰੱਖਿਆ ਲਈ ਪੱਥਰਾਂ ਦੀ ਮਜ਼ਬੂਤ ਦੀਵਾਰ ਬਣਾਈ ਗਈ ਹੈ। ਪਿੰਡ ਦੀਆਂ ਟੁੱਟੀਆਂ ਨਾਲੀਆਂ ਦੀ ਮੁਰੰਮਤ ਕਰਵਾ ਕੇ ਪਾਣੀ ਦੀ ਨਿਕਾਸੀ ਸੁਧਾਰਨ ਦੇ ਉਪਰਾਲੇ ਕੀਤੇ ਗਏ ਹਨ। ਮੱਛਰਾਂ ਅਤੇ ਮਲੇਰੀਆ ਦੀ ਰੋਕਥਾਮ ਲਈ ਸਮੇਂ-ਸਮੇਂ ’ਤੇ ਦਵਾਈ ਦਾ ਛਿੜਕਾਅ ਵੀ ਕਰਵਾਇਆ ਜਾਂਦਾ ਹੈ। ਪਿੰਡ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਸੈਲਫੀ ਪੁਆਇੰਟ, ਦਿਸ਼ਾ-ਸੂਚਕ ਬੋਰਡ ਅਤੇ ਸਵਾਗਤੀ ਬੋਰਡ ਲਗਾਏ ਗਏ ਹਨ। ਮੁੱਖ ਦਾਖ਼ਲਾ ਸੜਕ ਦੇ ਬਰਮਾਂ ਨਾਲ ਇੱਟਾਂ ਲਗਾਉਣ ਦਾ ਕੰਮ ਵੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਲਰ ਲਾਈਟਾਂ ਲਗਾਉਣ ਦਾ ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ, ਜਦਕਿ ਦੂਜੇ ਪੜਾਅ ਤਹਿਤ ਵੀ ਜਲਦ ਲਾਈਟਾਂ ਲਗਾਈਆਂ ਜਾਣਗੀਆਂ। ਸੜਕੀ ਸਹੂਲਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਭੋਜੇਮਾਜਰਾ ਲਿੰਕ ਰੋਡ ਤੋਂ ਪਿੰਡ ਦੀ ਕਲੋਨੀ ਤੱਕ ਪੱਕੀ ਸੜਕ ਬਣਨ ਨਾਲ ਪਿੰਡ ਨੂੰ ਜੋੜਨ ਵਾਲੀ ਪੰਜਵੀਂ ਸੜਕ ਦੀ ਸਹੂਲਤ ਮਿਲੀ ਹੈ। ਪੰਚਾਇਤੀ ਆਮਦਨ ’ਚ ਵਾਧਾ ਕਰਨ ਦੇ ਉਦੇਸ਼ ਨਾਲ ਪੰਚਾਇਤੀ ਜ਼ਮੀਨ ’ਚ ਨਵਾਂ ਬੋਰਵੈੱਲ ਵੀ ਕਰਵਾਇਆ ਗਿਆ ਹੈ।ਐਨ.ਆਰ.ਆਈ. ਵੀਰ ਕੁਲਵੀਰ ਸਿੰਘ ਬੀਤਾ (ਇਟਲੀ) ਦੇ ਸਹਿਯੋਗ ਨਾਲ ਪਿੰਡ ਨੂੰ ਪਾਣੀ ਦਾ ਟੈਂਕਰ ਮੁਹੱਈਆ ਕਰਵਾਇਆ ਗਿਆ ਹੈ, ਜੋ ਸਾਂਝੇ ਕੰਮਾਂ ਲਈ ਬਿਨਾਂ ਕਿਸੇ ਖ਼ਰਚੇ ਦੇ ਉਪਲਬਧ ਕਰਵਾਇਆ ਜਾਂਦਾ ਹੈ। ਸਮਾਜਿਕ ਭਲਾਈ ਦੇ ਉਪਰਾਲਿਆਂ ਬਾਰੇ ਉਨ੍ਹਾਂ ਦੱਸਿਆ ਕਿ ਪੰਚਾਇਤ ਅਤੇ ਐਨਆਰਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਦੀਆਂ ਲੜਕੀਆਂ ਦੇ ਵਿਆਹ ਮੌਕੇ 11 ਹਜ਼ਾਰ ਰੁਪਏ ਸ਼ਗਨ ਦੇਣ ਦੀ ਪਹਿਲ ਕੀਤੀ ਗਈ ਹੈ। ਨਵਜੰਮੀਆਂ ਧੀਆਂ ਦੀ ਲੋਹੜੀ ਅਤੇ ਮਹਿਲਾ ਦਿਵਸ ਵਰਗੇ ਸਮਾਗਮ ਸਾਂਝੇ ਤੌਰ ’ਤੇ ਮਨਾਏ ਜਾਂਦੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਵਿਚ ਉਤਸ਼ਾਹਿਤ ਕਰਨ ਲਈ ਉਪਹਾਰ ਦਿੱਤੇ ਜਾਂਦੇ ਹਨ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਸਹਿਯੋਗ ਕੀਤਾ ਜਾਂਦਾ ਹੈ। ਸਰਪੰਚ ਸਤਵੀਰ ਸਿੰਘ ਸੱਤੀ ਨੇ ਦੱਸਿਆ ਕਿ ਪੰਚਾਇਤ ਵੱਲੋਂ ਕਰਵਾਏ ਵਿਕਾਸ ਕਾਰਜਾਂ ਅਤੇ ਲੋਕ-ਭਲਾਈ ਦੇ ਉਪਰਾਲਿਆਂ ਦੇ ਮੱਦੇਨਜ਼ਰ 15 ਅਗਸਤ 2026 ਨੂੰ ਨਹਿਰੂ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਸਮਾਗਮ ਦੌਰਾਨ ਉਨ੍ਹਾਂ ਅਤੇ ਗ੍ਰਾਮ ਪੰਚਾਇਤ ਭਲਿਆਣ ਨੂੰ ਜ਼ਿਲ੍ਹਾ ਪੱਧਰ ’ਤੇ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਕੀ ਰਹਿੰਦੇ ਵਾਅਦਿਆਂ ਨੂੰ ਪੂਰਾ ਕਰਨ ਅਤੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਆਉਣ ਵਾਲੇ ਸਮੇਂ ’ਚ ਵੀ ਯਤਨ ਜਾਰੀ ਰੱਖੇ ਜਾਣਗੇ।