
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੋ ਦਿਨਾਂ ਤੋਂ ਹੋ ਰਹੀ ਬਰਸਾਤ ਨੇ ਖੋਲੀ ਡਰੇਨ ਸਿਸਟਮ ਦੀ ਪੋਲ, ਸੜਕਾਂ ਹੋਈਆਂ ਜਲਥਲ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪਿਛਲੇ ਦੋ ਦਿਨਾਂ ਤੋਂ ਸਵੇਰੇ ਸ਼ਾਮ ਪੈ ਰਹੇ ਮੀਂਹ ਨੇ ਪੂਰੇ ਸ਼ਹਿਰ ਵਿਚ ਜਲਥਲ ਕਰ ਦਿੱਤਾ। ਰੂਪਨਗਰ ਦੀਆਂ ਸਾਰੀਆਂ ਸੜਕਾਂ ਬਰਸਾਤ ਦੇ ਪਾਣੀ ਨਾਲ ਭਰ ਗਈਆਂ, ਜਿਸ ਦੇ ਕਾਰਨ ਰਾਹਗੀਰਾਂ ਤੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਹਾਲਾਂਕਿ ਬਰਸਾਤ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਈ ਅਤੇ ਕਿਸਾਨਾਂ ਦੇ ਚਿਹਰੇ ਵੀ ਖਿੜੇ ਹੋਏ ਨਜ਼ਰ ਆਏ। ਇਸ ਸਭ ਦੇ ਬਾਵਜੂਦ ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਬਰਸਾਤੀ ਪਾਣੀ ਭਰ ਜਾਣ ਦੇ ਕਾਰਨ ਸਥਾਨਕ ਨਿਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਬਹੁਤ ਸਾਰੇ ਲੋਕਾਂ ਦੇ ਘਰਾਂ ਵਿਚ ਬਰਸਾਤ ਦਾ ਪਾਣੀ ਭਰ ਗਿਆ। ਇਸ ਤੋਂ ਇਲਾਵਾ ਸਿਵਲ ਹਸਪਤਾਲ ਰੂਪਨਗਰ ਦੇ ਅੰਦਰ ਵੀ ਬਰਸਾਤੀ ਪਾਣੀ ਭਰ ਗਿਆ। ਇਸ ਦੇ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਜੱਦੋਜਹਿਦ ਕਰਦੇ ਦਿਖਾਈ ਦਿੱਤੇ। ਰੂਪਨਗਰ ਦੇ ਸ਼ਹੀਦ ਭਗਤ ਸਿੰਘ ਚੌਂਕ, ਮਲਹੋਤਰਾ ਕਲੌਨੀ, ਹਰਗੋਬਿੰਦ ਨਗਰ, ਲਖਵਿੰਦਰਾ ਇੰਨਕਲੇਵ, ਕ੍ਰਿਸ਼ਨਾ ਕਲੌਨੀ, ਗਾਰਡਨ ਕਲੌਨੀ, ਬੜੀ ਹਵੇਲੀ, ਗਾਂਧੀ ਨਗਰ, ਸ੍ਰੀ ਸ਼ਨੀ ਮੰਦਰ ਰੋਡ, ਕਟੀਕ ਮਾਜਰੀ, ਆਦਰਸ਼ ਨਗਰ ਆਦਿ ਦੀਆਂ ਸੜਕਾਂ ਬਰਸਾਤੀ ਪਾਣੀ ਨਾਲ ਕਈ-ਕਈ ਫੁੱਟ ਭਰ ਗਈਆਂ। ਇਸ ਦੇ ਇਲਾਵਾ ਰਾਮਲੀਲਾ ਮੈਦਾਨ, ਲਹਿਰੀ ਸ਼ਾਹ ਮੰਦਰ ਰੋਡ ਅਤੇ ਗਿਆਨੀ ਜ਼ੈਲ ਸਿੰਘ ਨਗਰ ਮੇਨ ਮਾਰਕੀਟ ਦੇ ਕੋਲ ਵੀ ਸੜਕ ’ਤੇ ਭਾਰੀ ਮਾਤਰਾ ਵਿਚ ਬਰਸਾਤੀ ਪਾਣੀ ਜਮ੍ਹਾਂ ਹੋ ਗਿਆ। ਇਸ ਬਰਸਾਤ ਦੇ ਕਾਰਨ ਸਾਹਿਬਜ਼ਾਦਾ ਜੁਝਾਰ ਸਿੰਘ ਤੇ ਆਸਪਾਸ ਦੇ ਖੇਤਰਾਂ ਵਿਚ ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ। ਇਸ ਬਰਸਾਤ ਨੇ ਸ਼ਹਿਰ ਦੇ ਡਰੇਨੇਜ ਸਿਸਟਮ ਦੀ ਪੋਲ ਖੋਲ ਕੇ ਰੱਖ ਦਿੱਤੀ ਜੋ ਕਿ ਸੋਮਵਾਰ ਸ਼ਾਮ ਅਤੇ ਮੰਗਲਵਾਰ ਸ਼ਾਮ ਕੁੱਝ ਸਮੇਂ ਦੀ ਹੋਈ ਤੇਜ਼ ਬਰਸਾਤ ਤੋਂ ਬਾਅਦ ਹੀ ਪੂਰੀ ਤਰ੍ਹਾਂ ਫੇਲ ਹੋ ਗਿਆ। ਇਸ ਦੇ ਕਾਰਨ ਸਥਾਨਕ ਵਾਸੀਆਂ ਵਿਚ ਪ੍ਰਸ਼ਾਸਨ ਦੇ ਪ੍ਰਤੀ ਡੂੰਘਾ ਰੋਸ ਪਾਇਆ ਗਿਆ।