ਖੈਰ ਦੀ ਲੱਕੜ ਚੋਰੀ ਕਰਦੇ ਹੋਏ ਦੋ ਕਾਬੂ ਖੈਰ ਦੀ ਲੱਕੜ ਚੋਰੀ ਕਰਦੇ ਹੋਏ ਦੋ ਕਾਬੂ
Publish Date: Sat, 29 Aug 2026 06:14 PM (IST)
Updated Date: Sat, 29 Aug 2026 06:16 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਜੰਗਲਾਤ ਵਿਭਾਗ ਦੀ ਸ਼ਿਕਾਇਤ ’ਤੇ ਕੀਰਤਪੁਰ ਸਾਹਿਬ ਪੁਲਿਸ ਨੇ ਸਰਕਾਰੀ ਜੰਗਲਾਤ ਦੀ ਜ਼ਮੀਨ ਵਿੱਚੋਂ ਕਥਿਤ ਤੌਰ ’ਤੇ ਖੈਰ ਦੀ ਲੱਕੜ ਦੇ ਰੁੱਖਾਂ ਦੀ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਕੀਰਤਪੁਰ ਸਾਹਿਬ ਪੁਲਿਸ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਐੱਸਐੱਸਪੀ ਰੂਪਨਗਰ ਮਨਿੰਦਰ ਸਿੰਘ ਆਈਪੀਐੱਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐੱਸਪੀ ਸ੍ਰੀ ਆਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਅਤੇ ਥਾਣਾ ਕੀਰਤਪੁਰ ਸਾਹਿਬ ਦੇ ਮੁੱਖ ਅਫ਼ਸਰ ਇੰਸਪੈਕਟਰ ਰਾਹੁਲ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ। ਪੁਲਿਸ ਨੇ ਮੁਕੱਦਮਾ ਨੰਬਰ 124 ਮਿਤੀ 27-08-2026 ਤਹਿਤ ਧਾਰਾ 303(2) ਬੀਐੱਨਐੱਸ ਅਤੇ ਇੰਡੀਅਨ ਫੋਰੈਸਟ ਐਕਟ ਦੀਆਂ ਧਾਰਾਵਾਂ 29, 30, 32, 33, 63, 63(ਸੀ), 67 ਅਧੀਨ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਗਲਾਤ ਵਿਭਾਗ ਬਲਾਕ ਅਫਸਰ ਭਰਤਗੜ ਜਸਵੀਰ ਸਿੰਘ ਸ਼ੇਰਗਿੱਲ ਵੱਲੋਂ ਦਰਖਾਸਤ ਦਿੱਤੀ ਗਈ ਕਿ ਅਵਤਾਰ ਸਿੰਘ ਉਰਫ ਰਿੰਕੂ ਵਾਸੀ ਆਲੋਵਾਲ ਅਤੇ ਤਾਜ ਮੁਹੰਮਦ ਵਾਸੀ ਪਿੰਡ ਆਸਪੁਰ ਥਾਣਾ ਕੀਰਤਪੁਰ ਸਾਹਿਬ ਵਣ ਵਿਭਾਗ ਦੇ ਏਰੀਆ ਹਿੰਮਤਪੁਰਾ ਸਰਕਾਰੀ ਜੰਗਲ ਵਿੱਚੋਂ ਖੈਰ ਦੀ ਲੱਕੜੀ ਚੋਰੀ ਕਰਦੇ ਹੋਏ ਇੱਕ ਬਿਨਾਂ ਨੰਬਰ ਪਲੇਟ ਪਲੈਟੀਨਾ ਮੋਟਰਸਾਈਕਲ ਅਤੇ ਬਿਜਲੀ ਵਾਲਾ ਆਰਾ ਦੇ ਨਾਲ ਕਾਬੂ ਕੀਤੇ ਗਏ ਹਨ, ਪੁਲਿਸ ਨੇ ਮੌਕੇ ਤੋਂ 5 ਖੈਰ ਦੇ ਪੀਸ, ਇੱਕ ਬਿਨਾਂ ਨੰਬਰੀ ਮੋਟਰਸਾਈਕਲ ਮਾਰਕਾ ਪਲੈਟੀਨਾ ਅਤੇ ਇੱਕ ਬਿਜਲੀ ਵਾਲਾ ਆਰਾ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਜਾਣਕਾਰੀ ਦਿੱਤੀ ਕਿ ਉਕਤ ਵਿਅਕਤੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਕਰਕੇ ਬੈਕਵਰਡ ਅਤੇ ਫਾਰਵਰਡ ਲਿੰਕ ਚੈੱਕ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।