ਸਾਹਿਤ ਸਭਾ ਵਲੋਂ ਨਾਨਾ ਪਾਟੇਕਰ ਤੇ ਪਰਮਿੰਦਰ ਝੋਟਾ ਨੂੰ ਸ਼ਰਧਾਂਜਲੀ ਸਾਹਿਤ ਸਭਾ ਵਲੋਂ ਨਾਨਾ ਪਾਟੇਕਰ ਅਤੇ ਪਰਮਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਦਿੱਤੀ ਗਈ
Publish Date: Tue, 20 Oct 2026 04:12 PM (IST)
Updated Date: Tue, 20 Oct 2026 04:15 PM (IST)
ਗੁਰਮੁੱਖ ਸਿੰਘ ਸਲਾਹਪੁਰੀ,ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਸਹਿਤ ਸਭਾ ਰਜਿ: ਬਹਿਰਾਮਪੁਰ ਬੇਟ ਦੀ ਮਾਸਿਕ ਇਕੱਤਰਤਾ ਸਭਾ ਦੇ ਦਫ਼ਤਰ ਕੰਪਲੈਕਸ ਵਿਖੇ ਸੰਤੋਖ ਸਿੰਘ ਸੋਖਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਸਰਵ ਰਘਬੀਰ ਸਿੰਘ, ਮੋਹਣ ਲਾਲ ਰਾਹੀ, ਸੁਰਿੰਦਰ ਸਿੰਘ ਕੰਗ, ਨਛੱਤਰ ਸਿੰਘ ਗਿੱਲ, ਕਸ਼ਮੀਰ ਸਿੰਘ ਮਾਛੀਵਾੜਾ, ਹਰਨਾਮ ਸਿੰਘ ਡੱਲਾ, ਪਰਵੇਜ਼, ਰਣਵੀਰ ਸਿੰਘ, ਆਰੀਅਨ, ਰਣਜੀਤ ਸਿੰਘ, ਨਿਰਵੈਰ ਕੌਰ, ਸਰਬਜੀਤ ਕੌਰ,ਡਾਕਟਰ ਦੌਲਤ ਰਾਮ ਲੋਈ ਅਤੇ ਦਰਸ਼ਨ ਸਿੰਘ ਨੇ ਭਾਗ ਲਿਆ। ਸ਼ੁਰੂਆਤੀ ਪਲਾਂ ’ਚ ਉੱਘੇ ਅਦਾਕਾਰ ਨਾਨਾ ਪਾਟੇਕਰ ਅਤੇ ਪੰਜਾਬ ’ਚ ਨਸ਼ਿਆਂ ਵਿਰੁੱਧ ਲੜਾਈ ਲੜ ਰਹੇ ਪਰਮਿੰਦਰ ਸਿੰਘ ਝੋਟਾ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇੱਕ ਹੋਰ ਮਤੇ ਰਾਹੀਂ ਸਭਾ ਨੇ ਆਪਣੇ ਮੈਂਬਰਾਂ ਨੂੰ ਮਿਤੀ 25 ਅਕਤੂਬਰ 2026 ਨੂੰ ਜਲੰਧਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ ’ਚ ਬਿਨਾਂ ਨਾਗਾ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਪਰੰਤ ਸਾਹਿਤਕਾਰਾਂ ਵੱਲੋਂ ਪਿਛਲੇ ਮਹੀਨੇ ਪੜੀਆ ਗਈਆਂ ਪੁਸਤਕਾਂ ਦੀ ਸਮੀਖਿਆ ਦੇ ਦੌਰ ’ਚ ਕੁਲਵਿੰਦਰ ਸਿੰਘ ਨੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਨਿਰਵੈਰ ਕੌਰ ਨੇ ‘ਸ੍ਰੀ ਗੁਰੂ ਰਵਿਦਾਸ ਜੀ’ ਬਾਰੇ ਇੰਜ: ਜਸਵੀਰ ਸਿੰਘ ਮੋਰੋ ਦੀ ਲਿਖੀ ਕਿਤਾਬ, ਮੋਹਨ ਲਾਲ ਰਾਹੀ ਨੇ ਹਰੀਸ਼ ਜੈਨ ਦਾ ਲਿਖਿਆ ਨਾਟਕ ‘ਗੁਨਾਹਕਾਰ’ ਕਸ਼ਮੀਰ ਸਿੰਘ ਨੇ ‘ਭਾਈ ਬਾਲੇ ਦੀ ਜਨਮ ਸਾਖੀ’ ਸੰਤੋਖ ਸਿੰਘ ਸੋਖਾ ਨੇ ਡਾਕਟਰ ਇੰਦਰਜੀਤ ਕੌਰ ਦੀ ਪੁਸਤਕ ‘ਵਾਤਾਵਰਨ ਤੇ ਪ੍ਰਦੂਸ਼ਣ’ ਪੜ੍ਹ ਕੇ ਪੁਸਤਕਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸਾਹਿਤਕ ਦੌਰ ਦਾ ਆਗਾਜ਼ ਕਸ਼ਮੀਰ ਸਿੰਘ ਮਾਛੀਵਾੜਾ ਵੱਲੋਂ ਤਰੰਨਮ ’ਚ ਗਾਏ ਗੀਤ ‘ਪਾਣੀ ਦਾ ਬੁਲਬੁਲਾ ਤੂੰ’ ਨਾਲ ਹੋਈ। ਨਿਰਵਰ ਕੌਰ ਦੀ ਗਜ਼ਲ ਦੇ ਬੋਲ ਸਨ ‘ਜੋ ਦਰਦ ਹੰਢਾਵੇ ਰਾਤਾਂ ਦਾ,ਉਹਦੀ ਤਾਂਘ ਸਵੇਰਾ ਕੀ ਜਾਣੇ’ ਸਰਿੰਦਰ ਸਿੰਘ ਕੰਗ,ਕੁਲਵਿੰਦਰ ਸਿੰਘ, ਰਘਬੀਰ ਸਿੰਘ ਅਤੇ ਨਛੱਤਰ ਸਿੰਘ ਗਿੱਲ ਨੇ ਆਪੋ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਹਰਨਾਮ ਸਿੰਘ ਡੱਲਾ ਅਤੇ ਸੰਤੋਖ ਸਿੰਘ ਸੋਖਾ ਨੇ ਤਰੰਨਮ ’ਚ ਗੀਤ ਸੁਣਾਏ। ਸਾਹਿਤ ਪ੍ਰੇਮੀ ਸਰਬਜੀਤ ਕੌਰ,ਡਾਕਟਰ ਦੌਲਤ ਰਾਮ ਲੋਈ ਅਤੇ ਦਰਸ਼ਨ ਸਿੰਘ ਨੇ ਪੇਸ਼ ਰਚਨਾਵਾਂ ਬਾਰੇ ਆਪਣੀ ਵੱਖਰੀ ਰਾਇ ਰੱਖੀ।ਸਾਰੀਆਂ ਰਚਨਾਵਾਂ ਉੱਤੇ ਉਸਾਰੂ ਬਹਿਸ ਨਾਲ ਮੀਟਿੰਗ ਦੀ ਸਮਾਪਤੀ ਹੋਈ।