ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡਣ ਸਬੰਧੀ ਆਸ਼ਾ ਵਰਕਰਾਂ ਨੂੰ ਦਿੱਤੀ ਟ੍ਰੇਨਿੰਗ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡਣ ਸਬੰਧੀ ਆਸ਼ਾ ਵਰਕਰਾਂ ਨੂੰ ਦਿੱਤੀ ਟ੍ਰੇਨਿੰਗ
Publish Date: Sat, 19 Sep 2026 05:59 PM (IST)
Updated Date: Sat, 19 Sep 2026 05:59 PM (IST)
ਕਾਰਡਾਂ ਦੀ ਵੰਡ ਦੌਰਾਨ ਰਿਕਾਰਡ ਦੀ ਸ਼ੁੱਧਤਾ ਤੇ ਪਾਰਦਰਸ਼ਤਾ ਯਕੀਨੀ ਬਣਾਉਣ ਆਸ਼ਾ ਵਰਕਰ : ਡਾ. ਹਰਪ੍ਰੀਤ ਕੌਰ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਡਾਕਟਰ ਵਿਵੇਕ ਕੁਮਾਰ, ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾਕਟਰ ਹਰਪ੍ਰੀਤ ਕੌਰ, ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ. ਨੂਰਪੁਰਬੇਦੀ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਬਣਾਏ ਗਏ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਕਾਰਡਾਂ ਦੀ ਵੰਡ ਪ੍ਰਕਿਰਿਆ ਸਬੰਧੀ ਆਸ਼ਾ ਫੈਸਿਲੀਟੇਟਰਾਂ ਅਤੇ ਆਸ਼ਾ ਵਰਕਰਾਂ ਦੀ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੌਰਾਨ ਆਸ਼ਾ ਵਰਕਰਾਂ ਨੂੰ ਸਿਹਤ ਬੀਮਾ ਕਾਰਡਾਂ ਦੀ ਵੰਡ ਨਾਲ ਸਬੰਧਤ ਤਕਨੀਕੀ ਅਤੇ ਪ੍ਰਬੰਧਕੀ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਲਾਭਪਾਤਰੀਆਂ ਦੀ ਸਹੀ ਪਛਾਣ ਅਤੇ ਤਸਦੀਕ, ਕਾਰਡਾਂ ਦਾ ਰਿਕਾਰਡ ਮੇਨਟੇਨ ਕਰਨ, ਕਾਰਡਾਂ ਦੀ ਪ੍ਰਾਪਤੀ ’ਤੇ ਵੰਡ ਦਾ ਮਿਲਾਨ ਕਰਨ ਅਤੇ ਬਕਾਇਆ ਕਾਰਡਾਂ ਦੀ ਨਿਗਰਾਨੀ ਸਬੰਧੀ ਪ੍ਰਕਿਰਿਆ ਸਮਝਾਈ ਗਈ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਗਈ ਕਿ ਸਿਹਤ ਬੀਮਾ ਕਾਰਡ ਲਾਭਪਾਤਰੀਆਂ ਤੱਕ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਲੋੜ ਅਨੁਸਾਰ ਵਿਸ਼ੇਸ਼ ਕੈਂਪਾਂ ਰਾਹੀਂ ਵੀ ਵੰਡੇ ਜਾਣ। ਵੰਡ ਦੌਰਾਨ ਲਾਭਪਾਤਰੀ ਦੀ ਜਾਣਕਾਰੀ ਸਹੀ ਢੰਗ ਨਾਲ ਦਰਜ ਕਰਨ ਅਤੇ ਰੋਜ਼ਾਨਾ ਵੰਡ ਰਿਪੋਰਟ ਨੂੰ ਅਪਡੇਟ ਰੱਖਣ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਮੌਕੇ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਸਿਹਤ ਬੀਮਾ ਕਾਰਡਾਂ ਦੀ ਵੰਡ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨਾ ਸਿਹਤ ਵਿਭਾਗ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਆਸ਼ਾ ਫੈਸਿਲੀਟੇਟਰਾਂ ਅਤੇ ਵਰਕਰਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਖੇਤਰਾਂ ਵਿਚ ਯੋਗ ਲਾਭਪਾਤਰੀਆਂ ਤੱਕ ਕਾਰਡ ਪਹੁੰਚਾਉਣ ਨੂੰ ਯਕੀਨੀ ਬਣਾਉਣ ਅਤੇ ਰਿਕਾਰਡ ਵਿਚ ਕਿਸੇ ਵੀ ਤਰ੍ਹਾਂ ਦੀ ਗਲਤੀ ਨਾ ਰਹਿਣ ਦੇਣ। ਉਨ੍ਹਾਂ ਕਿਹਾ ਕਿ ਕਾਰਡ ਵੰਡ ਦੌਰਾਨ ਆਉਣ ਵਾਲੀ ਕਿਸੇ ਵੀ ਤਕਨੀਕੀ ਜਾਂ ਪ੍ਰਕਿਰਿਆ ਸਬੰਧੀ ਸਮੱਸਿਆ ਨੂੰ ਤੁਰੰਤ ਸਿਹਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇ। ਉਨ੍ਹਾਂ ਆਸ਼ਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਯੋਜਨਾ ਸਬੰਧੀ ਸਹੀ ਜਾਣਕਾਰੀ ਦੇਣ ਅਤੇ ਯੋਗ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਨਾਲ ਜੋੜਨ ਵਿਚ ਸਰਗਰਮ ਭੂਮਿਕਾ ਨਿਭਾਉਣ। ਇਸ ਮੌਕੇ ਡਾਕਟਰ ਸੰਜੇ ਕੁਮਾਰ, ਡਾਕਟਰ ਪ੍ਰਵੀਨ, ਹੈਲਥ ਇੰਸਪੈਕਟਰ ਹਰਿੰਦਰ ਸਿੰਘ ਭਲੜੀ ਸਮੇਤ ਸੀ.ਐੱਚ.ਸੀ. ਨੂਰਪੁਰਬੇਦੀ ਦੇ ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰ ਹਾਜ਼ਰ ਸਨ।