ਮੋਰਿੰਡਾ ’ਚ ਨਿੱਤ ਲੱਗਦੈ ਸੜਕੀ ਜਾਮ, ਮਸ਼ੱਕਤ ਨਾਲ ਟਰੈਫਿਕ ਖੁਲ੍ਹਵਾਉਂਦੀ ਹੈ ਪੁਲਿਸ ਮੋਰਿੰਡਾ 'ਚ ਨਿੱਤ ਲੱਗਦਾ ਸੜਕੀ ਜਾਮ, ਮਸ਼ੱਕਤ ਨਾਲ ਟਰੈਫਿਕ ਖੁਲ੍ਹਵਾਉਂਦੀ ਹੈ ਪੁਲਿਸ
Publish Date: Sat, 24 Oct 2026 06:31 PM (IST)
Updated Date: Sat, 24 Oct 2026 06:34 PM (IST)
ਟਰੈਫਿਕ ਕੰਟਰੋਲ ਲਈ ਸਿਰਫ਼ ਦੋ ਮੁਲਾਜ਼ਮ, ਨਫ਼ਰੀ ਵਧਾਉਣ ਦੀ ਕੀਤੀ ਮੰਗ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਸ਼ਹਿਰ ਪੰਜਾਬ ਦੇ ਵੱਖ-ਵੱਖ ਪ੍ਰਮੁੱਖ ਜ਼ਿਲ੍ਹਿਆਂ ਅਤੇ ਵੱਡੇ ਸ਼ਹਿਰਾਂ ਜਿਵੇਂ ਕਿ ਲੁਧਿਆਣਾ, ਜਗਰਾਓਂ, ਮੋਗਾ, ਫ਼ਿਰੋਜ਼ਪੁਰ, ਫ਼ਰੀਦਕੋਟ, ਜ਼ੀਰਾ, ਫਗਵਾੜਾ, ਗੁਰਾਇਆ, ਜਲੰਧਰ, ਬਟਾਲਾ, ਅੰਮ੍ਰਿਤਸਰ, ਪਟਿਆਲਾ, ਸੰਗਰੂਰ, ਭਾਦਸੋਂ, ਖੰਨਾ ਅਤੇ ਦੋਰਾਹਾ ਤੋਂ ਚੰਡੀਗੜ੍ਹ ਆਉਣ-ਜਾਣ ਲਈ ਇੱਕੋ-ਇੱਕ ਮੁੱਖ ਰਸਤਾ ਹੈ। ਸ਼ਹਿਰ ਦੀ ਵਧਦੀ ਆਬਾਦੀ ਅਤੇ ਵਾਹਨਾਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਮੋਰਿੰਡਾ ਵਿਖੇ ਰੋਜ਼ਾਨਾ ਟਰੈਫਿਕ ਜਾਮ ਦੀ ਗੰਭੀਰ ਸਮੱਸਿਆ ਬਣੀ ਰਹਿੰਦੀ ਹੈ। ਇਸ ਜਾਮ ਕਾਰਨ ਜਿੱਥੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਲੁਧਿਆਣਾ ਆਦਿ ਸ਼ਹਿਰਾਂ ਵਿਚ ਦਫ਼ਤਰਾਂ ਅਤੇ ਫੈਕਟਰੀਆਂ ਚ ਜਾਣ ਵਾਲੇ ਸੈਂਕੜੇ ਲੋਕ ਖੱਜਲ-ਖ਼ੁਆਰ ਹੁੰਦੇ ਹਨ, ਉੱਥੇ ਹੀ ਪੀਜੀਆਈ., ਫੋਰਟਿਸ, ਏਮਜ਼ ਅਤੇ ਜੀਐੱਮਸੀਐੱਚ. ਵਰਗੇ ਵੱਡੇ ਹਸਪਤਾਲਾਂ ਵਿਚ ਇਲਾਜ ਲਈ ਜਾਣ ਵਾਲੇ ਮਰੀਜ਼ਾਂ, ਵਾਹਨਾਂ ਅਤੇ ਐਂਬੂਲੈਂਸਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਜ਼ਾਰਾਂ ਮੁਲਾਜ਼ਮ ਆਪਣੀ ਡਿਊਟੀ ਤੇ ਪਹੁੰਚਣ ਲਈ ਲੇਟ ਹੋ ਜਾਂਦੇ ਹਨ ਅਤੇ ਐਮਰਜੈਂਸੀ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਉਨ੍ਹਾਂ ਦੀ ਜਾਨ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਜਿਵੇਂ ਕਿ ਵਿਸ਼ਵਕਰਮਾ ਚੌਂਕ, ਢੋਲਣਮਾਜਰਾ ਚੌਂਕ, ਸ੍ਰੀ ਚਮਕੌਰ ਸਾਹਿਬ ਚੌਂਕ ਅਤੇ ਸਮਰਾਲਾ-ਬੱਸੀ ਚੌਂਕ—ਵਿੱਚ ਲਗਾਤਾਰ ਜਾਮ ਫਸਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਸਬੰਧ ਵਿਚ ਐੱਨਆਰਆਈ. ਜੁਗਰਾਜ ਸਿੰਘ ਮਾਨਖੇੜੀ, ਸ਼੍ਰੋਮਣੀ ਅਕਾਲੀ ਦਲ (ਹਲਕਾ ਸ੍ਰੀ ਚਮਕੌਰ ਸਾਹਿਬ) ਦੇ ਪ੍ਰਧਾਨ ਸੁਰਜੀਤ ਸਿੰਘ ਤਾਜਪੁਰਾ, ਸਾਬਕਾ ਕੌਂਸਲਰ ਤੇ ਸੀਨੀਅਰ ਅਕਾਲੀ ਆਗੂ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਯੂਥ ਆਗੂ ਲੱਖੀ ਸ਼ਾਹ, ਮਾਇਨੋਰਿਟੀ ਸੈੱਲ ਦੇ ਪ੍ਰਧਾਨ ਮਜੀਦ ਮੋਨੂ ਖਾਨ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਰ, ਕਿਸਾਨ ਆਗੂ ਜਰਨੈਲ ਸਿੰਘ ਸਰਹਾਣਾ, ਅਵਤਾਰ ਸਿੰਘ ਸਰਹਾਣਾ, ਬਹਾਦਰ ਸਿੰਘ ਖੈਰਪੁਰ, ਨੰਬਰਦਾਰ ਰਣਧੀਰ ਸਿੰਘ ਮਾਜਰੀ, ਜਸਵਿੰਦਰ ਸਿੰਘ ਕਾਈਨੌਰ, ਸਾਬਕਾ ਚੇਅਰਮੈਨ ਅਰਵਿੰਦਰ ਸਿੰਘ ਰੰਗੀ, ਡੇਅਰੀ ਯੂਨੀਅਨ ਦੇ ਆਗੂ ਤਜਿੰਦਰ ਕੁਮਾਰ ਗੁਪਤਾ (ਬਿੱਟੂ ਡੇਅਰੀ), ਸਵਰਨਕਾਰ ਸੰਘ ਦੇ ਆਗੂ ਮਨਮੋਹਨ ਕੁਮਾਰ, ਵਿਕਰਾਂਤ ਵਰਮਾ, ਸਚਿਨ ਪੁਰੀ ਗੋਲਡੀ, ਠੇਕੇਦਾਰ ਅਜੇ ਕੁਮਾਰ ਰਿੰਕੂ, ਮੁਹੰਮਦ ਰਸ਼ੀਦ ਸੋਨੀ ਅਤੇ ਅਨੇਕਾਂ ਸ਼ਹਿਰੀਆਂ ਨੇ ਚਿੰਤਾ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਲਗਭਗ 35 ਹਜ਼ਾਰ ਦੀ ਆਬਾਦੀ ਵਾਲੇ ਮੋਰਿੰਡਾ ਸ਼ਹਿਰ ਅਤੇ ਰੋਜ਼ਾਨਾ ਲੰਘਦੇ ਹਜ਼ਾਰਾਂ ਬਾਹਰੀ ਵਾਹਨਾਂ ਦੀ ਸੰਭਾਲ ਲਈ ਟਰੈਫਿਕ ਪੁਲਿਸ ਕੋਲ ਸਿਰਫ਼ ਦੋ ਹੀ ਮੁਲਾਜ਼ਮ ਟਰੈਫਿਕ ਇੰਚਾਰਜ ਮਲਕੀਤ ਸਿੰਘ ਅਤੇ ਟਰੈਫਿਕ ਏਐੱਸਆਈ. ਧੰਨ ਸਿੰਘ ਸੈਣੀ ਤੈਨਾਤ ਹਨ। ਜੇਕਰ ਉਹ ਕਿਸੇ ਇੱਕ ਚੌਂਕ ’ਤੇ ਟਰੈਫਿਕ ਸੁਚਾਰੂ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਦੂਜੇ ਚੌਂਕਾਂ ’ਤੇ ਤੁਰੰਤ ਜਾਮ ਲੱਗ ਜਾਂਦਾ ਹੈ। ਰੋਜ਼ਾਨਾ ਦੀ ਭਾਰੀ ਆਵਾਜਾਈ ਨੂੰ ਕੰਟਰੋਲ ਕਰਨ ਲਈ ਮਹਿਜ਼ ਦੋ ਪੁਲਿਸ ਕਰਮੀ ਤੈਨਾਤ ਕਰਨਾ ਬਿਲਕੁਲ ਨਾਕਾਫ਼ੀ ਹੈ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ (ਐੱਸ.ਐੱਸ.ਪੀ.) ਅਤੇ ਡੀ.ਜੀ.ਪੀ. ਪੰਜਾਬ ਤੋਂ ਮੰਗ ਕੀਤੀ ਹੈ ਕਿ ਮੋਰਿੰਡਾ ਵਿਖੇ ਘੱਟੋ-ਘੱਟ ਇੱਕ ਦਰਜਨ (12) ਟਰੈਫਿਕ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਕੀਤੀ ਜਾਵੇ, ਤਾਂ ਜੋ ਆਵਾਜਾਈ ਸੁਚਾਰੂ ਹੋ ਸਕੇ ਅਤੇ ਲੋਕਾਂ ਨੂੰ ਰੋਜ਼ਾਨਾ ਦੇ ਇਸ ਸੜਕੀ ਜਾਮ ਤੋਂ ਨਿਜਾਤ ਮਿਲ ਸਕੇ।