ਟਰੈਫਿਕ ਐਜੂਕੇਸ਼ਨ ਸੈਲ ਤੇ ਟਰੈਫਿਕ ਪੁਲਿਸ ਵੱਲੋਂ ਵਾਹਨ ਚਾਲਕਾਂ ਨੂੰ ਕੀਤਾ ਜਾਗਰੂਕ ਟਰੈਫਿਕ ਐਜੂਕੇਸ਼ਨ ਸੈਲ ਤੇ ਟਰੈਫਿਕ ਪੁਲਿਸ ਮੋਰਿੰਡਾ ਵੱਲੋਂ ਵਾਹਨ ਚਾਲਕਾਂ ਨੂੰ ਕੀਤਾ ਜਾਗਰੂਕ
Publish Date: Sat, 31 Oct 2026 06:06 PM (IST)
Updated Date: Sat, 31 Oct 2026 06:07 PM (IST)
ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਦਿੱਤੀ ਜਾਣਕਾਰੀ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਦਿਵਾਲੀ ਤੇ ਚੱਲ ਰਹੇ ਹੋਰਨਾਂ ਤਿਉਹਾਰਾਂ ਦੇ ਦਿਨਾਂ ਕਾਰਨ ਸ਼ਹਿਰ ’ਚ ਵਧੀ ਟਰੈਫਿਕ ਦੀ ਸਮੱਸਿਆ ਤੋ ਨਿਜਾਤ ਦਿਵਾਉਣ ਲਈ ਤੇ ਆਮ ਦਿਨਾਂ ’ਚ ਵੀ ਟਰੈਫਿਕ ਵਿਵਸਥਾ ’ਚ ਸੁਧਾਰ ਲਿਆਉਣ ਲਈ ਜ਼ਿਲ੍ਹਾ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏਐੱਸਆਈ ਸੁਖਦੇਵ ਸਿੰਘ ਤੇ ਮੋਰਿੰਡਾ ਟਰੈਫਿਕ ਪੁਲਿਸ ਇੰਚਾਰਜ ਏਐੱਸਆਈ ਮਲਕੀਅਤ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਤਹਿਤ ਸਥਾਨਕ ਬਸ ਸਟੈਂਡ, ਟਰੱਕ ਯੂਨੀਅਨ ਅਤੇ ਬਾਜ਼ਾਰਾਂ ’ਚ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੁਹਿੰਮ ਤਹਿਤ ਉਕਤ ਅਧਿਕਾਰੀਆਂ ਵੱਲੋਂ ਵਾਹਨ ਚਾਲਕਾਂ ਨੂੰ ਸ਼ਹਿਰ ਦੇ ਬਾਜ਼ਾਰਾਂ ਅਤੇ ਮੁੱਖ ਮਾਰਗਾਂ ’ਤੇ ਗਲਤ ਢੰਗ (ਰੌਂਗ ਪਾਰਕਿੰਗ) ਨਾਲ ਗੱਡੀਆਂ ਖੜ੍ਹੀਆਂ ਨਾ ਕਰਨ ਦੀ ਅਪੀਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਏਐਸਆਈ ਮਲਕੀਅਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਵੱਲੋਂ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਗੱਡੀ ਚਲਾਉਣ ਸਮੇਂ ਸੀਟ ਬੈਲਟ ਦੀ ਵਰਤੋਂ ਕਰਨਾ, ਗੱਡੀ ਰੌਂਗ ਸਾਈਡ ਤੋਂ ਓਵਰਟੇਕ ਨਾ ਕਰਨਾ, ਗੱਡੀਆਂ ਦਾ ਆਪਸ ਵਿੱਚ ਘੱਟੋ ਘੱਟ 30 ਫੁੱਟ ਦਾ ਫਾਸਲਾ ਰੱਖਣਾ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨਾ, ਨਿਰਧਾਰਤ ਲੋਡ ਤੋਂ ਜਿਆਦਾ ਗੱਡੀਆਂ ਲੋਡ ਨਾ ਕਰਨਾ, ਕਾਲੀਆਂ ਜਾਲੀਆਂ ਨਾ ਲਗਾਉਣ, ਰੋਂਗ ਪਾਰਕਿੰਗ ਅਤੇ ਟਰਿਪਲ ਰਾਈਡਿੰਗ ਨਾ ਕਰਨ, ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਨਾ ਵਜਾਉਣ ਲਈ ਵਰਜਿਆ। ਉਨਾਂ ਬਾਜ਼ਾਰਾਂ ’ਚ ਦੁਕਾਨਦਾਰਾਂ ਅਤੇ ਰੇਹੜੀ, ਫੜ੍ਹੀ ਵਾਲਿਆਂ ਨੂੰ ਸੜਕਾਂ ਤੇ ਰੇਹੜੀਆਂ ਨਾ ਲਗਾਉਣ ਦੀ ਪ੍ਰੇਰਨਾ ਵੀ ਦਿੱਤੀ ਤਾਂ ਜੋ ਟਰੈਫਿਕ ’ਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ ਅਤੇ ਤਿਓਹਾਰਾਂ ਦੇ ਮੌਕੇ ਸ਼ਹਿਰ ’ਚ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਟਰੈਫਿਕ ਅਧਿਕਾਰੀਆਂ ਨੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਬਾਜ਼ਾਰਾਂ ਵਿੱਚੋਂ ਹਰ ਸਮੇਂ ਅੱਗ ਬੁਝਾਊ ਗੱਡੀਆਂ ਦੇ ਆਸਾਨੀ ਨਾਲ ਨਿਕਲਣ ਲਈ ਸੜਕਾਂ ਤੇ ਜਰੂਰਤ ਅਨੁਸਾਰ ਖਾਲੀ ਜਗ੍ਹਾ ਬਣਾ ਕੇ ਰੱਖੀ ਜਾਵੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸੁਖਵਿੰਦਰ ਸਿੰਘ ਮੁੰਡੀਆਂ, ਜਰਨੈਲ ਸਿੰਘ ਸਰਹਾਣਾ, ਹਰਬੰਸ ਸਿੰਘ ਸਮਾਣਾ ਆਦਿ ਵੀ ਸ਼ਾਮਿਲ ਸਨ।